ਸਿਹਤ ਮੰਤਰੀ ਡਾ.ਵਿਜੈ ਸਿੰਗਲਾਂ ਵੱਲੋਂ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਤਿਆਰ ਲੋਕ ਭਲਾਈ ਸਕੀਮਾਂ ਦਾ ਕਿਤਾਬਚਾ ਜਾਰੀ।
ਅਜਾਦੀ ਦੇ 75ਵੇਂ ਅਮ੍ਰਿਤ ਮਹਾਉਤਸਵ ਨੂੰ ਸਮਰਪਿਤ ਹੈ ਲੋਕ ਭਲਾਈ ਸਕੀਮਾਂ ਅਤੇ ਯੁਵਾ ਕਲੱਬਾਂ ਸਬੰਧੀ ਪੂਰੇ ਵੇਰਵੇ ਦਾ ਇਹ ਕਿਤਾਬਚਾ
ਮਾਨਸਾ, 21 ਮਈ – ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਵੱਖ ਵੱਖ ਲੋਕ ਭਲਾਈ ਸਕੀਮਾਂ ਸਬੰਧੀ ਇੱਕ ਕਿਤਾਬਚਾ ਬਣਾਇਆ ਗਿਆ ਹੈ ਜਿਸ ਨੂੰ ਜਾਰੀ ਕਰਨ ਦੀ ਰਸਮ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ.ਵਿਜੈ ਸਿੰਗਲਾਂ ਨੇ ਅਦਾ ਕੀਤੀ।ਉਹਨਾਂ ਕਿਹਾ ਕਿ ਇਸ ਨਾਲ ਮਾਨਸਾ ਜਿਲ੍ਹੇ ਦੇ ਲੋਕਾਂ ਨੂੰ ਸਮੂਹ ਸਕੀਮਾਂ ਦੀ ਜਾਣਕਾਰੀ ਮਿਲੇਗੀ ਅਤੇ ਉਹ ਇਹਨਾਂ ਦਾ ਫਾਇਦਾ ਉਠਾ ਸਕਦੇ ਹਨ।ਡਾ.ਸਿੰਗਲਾਂ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਦਾ ਇਹ ਯਤਨ ਸ਼ਲਾਘਾਯੋਗ ਕਦਮ ਹੈ ਜਿਸ ਲਈ ਨਹਿਰੂ ਯੁਵਾ ਕੇਂਦਰ ਵਧਾਈ ਦਾ ਪਾਤਰ ਹੈ।ਕਿਤਾਬਚਾ ਰਲੀਜ ਕਰਨ ਸਮੇਂ ਸ਼ਾਮਲ ਬੁਢਲਾਡਾ ਹਲਕੇ ਦੇ ਐਮ.ਐਲ.ਏ.ਪ੍ਰਿੰਸੀਪਲ ਬੁੱਧ ਰਾਮ ਅਤੇ ਸਰਦੂਲਗੜ ਹਲਕੇ ਦੇ ਐਮ.ਐਲ.ਏ.ਸ਼੍ਰੀ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਕਿਹਾ ਕਿ ਪਿੰਡਾਂ ਵਿੱਚ ਖੇਡਾਂ,ਸਭਿਆਚਾਰਕ ਅਤੇ ਸਮਾਜਿਕ ਗਤੀਵਿਧੀਆਂ ਲਈ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਗਠਿਤ ਕੀਤੇ ਕਲੱਬ ਸ਼ਲਾਘਾਯੋਗ ਕੰਮ ਕਰ ਰਹੇ ਹਨ।ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਜਾਣਕੇ ਖੁਸ਼ੀ ਹੋਈ ਹੈ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਜਿਲ੍ਹੇ ਦੇ ਹਰ ਪਿੰਡ ਵਿੱਚ ਯੂਥ ਕਲੱਬ ਦਾ ਗਠਨ ਕਰ ਦਿੱਤਾ ਗਿਆ ਹੈ।ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਵੀ ਯੂਥ ਕਲੱਬਾਂ ਅਹਿਮ ਰੋਲ ਅਦਾ ਕਰ ਰਹੀਆਂ ਹਨ।ਕਿਤਾਬ ਰਲੀਜ ਕਰਦਿਆਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅਜਾਦੀ ਦੇ 75ਵੇਂ ਅਮ੍ਰਿਤਮਹਾਉਤਸਵ ਨੂੰ ਸਮਰਪਿਤ ਦੇ ਸਬੰਧ ਵਿੱਚ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਨਹਿਰੂ ਯੂਵਾ ਕੇਂਦਰ ਵੱਲੋਂ ਤਿਆਰ ਇਹ ਕਿਤਾਬਚਾ ਵੀ ਇਸੇ ਦਾ ਹਿੱਸਾ ਹੈ।ਡਿਪਟੀ ਕਮਿਸ਼ਨਰ ਮਾਨਸਾ ਨੇ ਕਿਹਾ ਪਿੰਡਾਂ ਵਿੱਚ ਯੂਥ ਕਲੱਬਾਂ ਦੇ ਸਹਿਯੋਗ ਨਾਲ ਇਕ ਲੱਖ ਦੇ ਕਰੀਬ ਪੌਦੇ ਲਾਏ ਜਾਣਗੇ ਜਿਸ ਦੀ ਸ਼ੁਰੂਆਤ ਵਿਸ਼ਵ ਵਾਤਾਵਰਣ ਦਿਵਸ ਤੋਂ ਕੀਤੀ ਜਾਵੇਗੀ।ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪਰੋਗਰਾਮ ਸੁਪਰਵਾਈਜਰ ( ਆਫਿਸਰ ਆਨ ਸਪੈਸ਼ਲ ਡਿਊਟੀ )ਡਾ.ਸੰਦੀਪ ਘੰਡ ਨੇ ਦੱਸਿਆ ਕਿ ਇਸ ਬੁੱਕਲੈਟ ਨੂੰ ਛਾਪਣ ਦਾ ਮੁੱਖ ਕਾਰਨ ਇਹ ਹੈ ਕਿ ਪਿੰਡਾਂ ਵਿੱਚ ਲੋਕਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦੀ ਪੂਰਨ ਜਾਣਕਾਰੀ ਨਹੀ ਹੁੰਦੀ ਜਿਸ ਕਾਰਣ ਉਹ ਇਹਨਾਂ ਸਕੀਮਾਂ ਦਾ ਪੂਰੀ ਤਰਾਂ ਲਾਭ ਪ੍ਰਾਪਤ ਨਹੀ ਕਰ ਸਕਦੇ।ਉਹਨਾਂ ਕਿਹਾ ਕਿ ਬੇਸ਼ਕ ਇਸ ਵਿੱਚ ਇੱਕ ਮੁਢਲੀ ਜਾਣਕਾਰੀ ਹੀ ਦਿੱਤੀ ਗਈ ਹੈ ਪਰ ਇਸ ਨਾਲ ਹੋਰ ਜਾਣਨ ਦੀ ਇੱਛਾ ਹੁੰਦੀ ਹੈ ਤਾਂ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਜ ਉਹਨਾਂ ਨੂੰ ਸਮੇ ਸਮੇ ਤੇ ਗਾਈਡ ਕਰਦੇ ਰਹਿੰਦੇ ਹਨ।ਉਹਨਾਂ ਦੱਸਿਆ ਕਿ ਸਮੁੱਚੇ ਦੇਸ਼ ਵਿੱਚੋਂ ਮਾਨਸਾ ਹੀ ਇੱਕੋ ਇੱਕ ਅਜਿਹਾ ਜਿਲ੍ਹਾ ਹੈ ਜਿਸ ਦੇ ਹਰ ਪਿੰਡ ਵਿੱਚ ਨਹਿਰੂ ਯੁਵਾ ਕੇਂਦਰ ਵੱਲੋਂ ਕਲੱਬਾਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਇਸ ਵਿੱਚ ਜਿਲ੍ਹੇ ਦੇ ਸਮੂਹ ਯੂਥ ਕਲੱਬਾਂ ਦਾ ਪੂਰਾ ਵੇਰਵਾ ਵੀ ਛਾਪਿਆ ਗਿਆ ਹੈ।ਉਹਨਾਂ ਇਹ ਵੀ ਕਿਹਾ ਕਿ ਇਹ ਕਿਤਾਬਚਾ ਅਜਾਦੀ ਦੇ 75ਵੇਂ ਅਮ੍ਰਿਤਮਹਾਉਤਸਵ ਅਤੇ ਜਨਭਾਗੀਦਾਰੀ ਅੰਦੋਲਨ ਨੂੰ ਸਮਰਪਿਤ ਕੀਤਾ ਗਿਆ ਹੈ।ਇਸ ਮੋਕੇ ਹਰੋਨਾਂ ਤੋ ਇਲਾਵਾ ਏ.ਡੀ.ਸੀ ਵਿਕਾਸ ਸ਼੍ਰੀ ਟੀ.ਬੈਨਿਥ,ਸਿਵਲ ਸਰਜਨ ਮਾਨਸਾ ਡਾ.ਰਣਜੀਤ ਸਿੰਘ ਰਾਏ,ਸਿੱਖਿਆ ਵਿਕਾਸ ਮੰਚ ਦੇ ਜਿਲ੍ਹਾ ਪ੍ਰਧਾਨ ਹਰਦੀਪ ਸਿਧੂ ਸੀਨੀਅਰ ਆਪ ਆਗੂ ਗੁਰਪ੍ਰੀਤ ਸਿੰਘ ਭੁੱਚਰ,ਕਮਲ ਗੋਇਲ ਯੂਥ ਕਲੱਬਾਂ ਵੱਲੌ ਮਦਨ ਲਾਲ ਫੱਤਾਮਾਲੋਕਾ ਮਨੋਜ ਕੁਮਾਰ ਛਾਪਿਆਂ ਵਾਲੀ ਨੇ ਵੀ ਸ਼ਮੂਲੀਅਤ ਕੀਤੀ।