ਸਿੰਘ ਸਭਾ ਦੇ ਆਗੂਆ ਨੇ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਨੂੰ ਮਿਲ ਕੇ ਕਮੇਟੀ ਦੇ ਚੈਨਲ ਚਲਾਉਣ ਉੱਤੇ ਦਿੱਤਾ ਜ਼ੋਰ
ਚੰਡੀਗੜ੍ਹ, 6 ਮਈ (2022) – ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਨੁਮਾਇੰਦੇ ਅੱਜ ਇੱਥੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਿਲੇ ਅਤੇ ਪੀਟੀਸੀ ਰਾਹੀਂ ਗੁਰਬਾਣੀ ਦਾ ਦਰਬਾਰ ਸਾਹਿਬ ਵਿੱਚੋਂ ਪ੍ਰਸਾਰਣ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਵਫਦ ਵਿੱਚ ਸ਼ਾਮਿਲ ਡਾ. ਖੁਸ਼ਹਾਲ ਸਿੰਘ, ਜਸਪਾਲ ਸਿੰਘ ਸਿੱਧੂ ਪੱਤਰਕਾਰ, ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਗੁਰਬਾਣੀ ਦੇ ਵਸਤੂਕਰਨ ਅਤੇ ਵਪਾਰੀਕਰਨ ਨੂੰ ਰੋਕਣ ਲਈ ਸ਼੍ਰੌਮਣੀ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜ੍ਹਾਂ ਦੀ ਛਪਾਈ ਨੂੰ ਆਪਣੇ ਰਾਹੀਂ ਸ਼ੁਰੂ ਕਰਕੇ ਪ੍ਰਾਈਵੇਟ ਕੰਪਨੀਆਂ ਵੱਲੋਂ ਬੀੜ੍ਹਾਂ ਛਾਪਣ ਉੱਤੇ ਪੂਰਨ ਪਾਬੰਦੀ ਲਾ ਦਿੱਤੀ ਸੀ। ਉਸੇ ਤਰਜ਼ ਉੱਤੇ ਬਾਦਲਾਂ ਦੇ ਨਿੱਜੀ ਟੀਵੀ ਚੈਨਲ ਪੀਟੀਸੀ ਵੱਲੋਂ ਪੇਡ ਕੇਬਲ ਨੈੱਟਵਰਕ ਰਾਹੀਂ ਦਰਬਾਰ ਸਾਹਿਬ ਤੋ ਰੋਜ਼ਾਨਾ ਕੀਰਤਨ ਪ੍ਰਸਾਰਣ ਕਰਨ ਨਾਲ ਗੁਰਬਾਣੀ ਦੇ ਹੋ ਰਹੇ ਵਪਾਰੀਕਰਨ ਨੂੰ ਸ਼੍ਰੌਮਣੀ ਕਮੇਟੀ ਤਰੁੰਤ ਬੰਦ ਕਰੇ।
ਸਿੰਘ ਸਭਾ ਆਗੂਆਂ ਨੇ ਕਿਹਾ ਕਿ ਪਿਛਲੇ ਮਾਰਚ ਮਹੀਨੇ ਵਿੱਚ ਪੀਟੀਸੀ ਚੈਨਲ ਦੇ ਸੈਕਸ ਸਕੈਂਡਲ ਵਿੱਚ ਸ਼ਮੂਲੀਅਤ ਹੋਣ ਉਪਰੰਤ ਮੁਹਾਲੀ ਵਿੱਚ ਪੁਲਿਸ ਕੇਸ ਦਰਜ਼ ਹੋ ਗਿਆ ਹੈ। ਜਿਸ ਕਰਕੇ, ਇਹ ਚੈਨਲ ਪਵਿੱਤਰ ਗੁਰਬਾਣੀ ਨੂੰ ਟੈਲੀਕਾਸਟ ਕਰਨ ਦਾ ਨੈਤਿਕ ਅਧਿਕਾਰ ਵੀ ਖੋ ਬੈਠਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ 8 ਅਪ੍ਰੈਲ 2022 ਨੂੰ ਸ਼੍ਰੌਮਣੀ ਕਮੇਟੀ ਨੂੰ ਆਪਣਾ ਟੀਵੀ ਚੈਨਲ ਚਲਾ ਕੇ ਸਿੱਖ ਸੰਗਤ ਲਈ ਗੁਰਬਾਣੀ ਦਾ ਮੁਫਤ ਪ੍ਰਸਾਰ ਦੇ ਆਦੇਸ਼ ਦਿੱਤੇ ਸਨ। ਜਿਵੇਂ ਹਿੰਦੂ, ਮਸੁਲਮਾਨ ਅਤੇ ਬੌਧੀ ਤੀਰਥ ਅਸਥਾਨ ਪਹਿਲਾਂ ਹੀ ਕਰ ਰਹੇ ਹਨ।
ਲੰਬੇ ਸਮੇਂ ਤੋਂ ਬਾਦਲਾਂ ਦੀ ਕੰਟਰੋਲ ਹੇਠ ਚਲਦੀ ਸ਼੍ਰੌਮਣੀ ਕਮੇਟੀ ਨੇ ਸਿੱਖ ਸੰਗਤ ਦੀਆਂ ਪੀਟੀਸੀ ਵਿਰੁੱਧ ਹਜ਼ਾਰਾਂ ਸ਼ਿਕਾਇਤਾਂ ਅਤੇ ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਪਾਸ ਮਤੇ ਦੀ ਪ੍ਰਵਾਹ ਨਾ ਕਰਦਿਆਂ ਇਸ ਚੈਨਲ ਨੇ ਆਪਣੀ ਅਜ਼ਾਰੇਦਾਰੀ ਅਤੇ ਆਪ ਹੁਦਰਾਪਣ ਕਾਇਮ ਰੱਖਿਆ ਹੋਇਆ ਹੈ।
ਤ੍ਰਿਪਤੀ ਅਤੇ ਹੋਰ ਹਿੰਦੂ ਮੰਦਰ ਬਕਾਇਦਾ ਪਾਰਦਰਸ਼ੀ ਤਰੀਕੇ ਨਾਲ ਟੈਲੀਕਾਸਟ ਦੇ ਹੱਕ ਦਿੰਦੇ ਹਨ। ਮੱਕਾ ਸ਼ਰੀਫ ਨੇ ਹਾਜੀਆਂ ਲਈ ਧਾਰਮਿਕ ਪ੍ਰੋਗਰਾਮ ਮੁਫਤ ਪ੍ਰਸਾਰਣ ਕਰਨ ਲਈ ਸੌਦੀ ਬਰਾਡ ਕਾਸਟਿੰਗ ਕਾਰਪੋਰੇਸ਼ਨ ਬਣਾਈ ਹੈ, ਕਾਂਸ਼ੀ ਵਿਸ਼ਵਾਨਾਥ, ਵੈਸ਼ਨੋ ਦੇਵੀ, ਜਗਨ ਨਾਥਪੁਰੀ ਅਤੇ ਬੌਧੀ ਮੰਦਰਾਂ ਨੇ ਮੁਫਤ ਧਾਰਮਿਕ ਪ੍ਰਸਾਰਣ ਕਰਨ ਬੰਦੋਬਸ਼ਤ ਕੀਤੇ ਹੋਏ ਹਨ।
ਕੇਂਦਰੀ ਸਿੰਘ ਸਭਾ ਨੇ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਸ. ਧਾਮੀ ਨੂੰ ਅਪੀਲ ਕੀਤੀ ਕਿ ਪੰਥ ਦੀ ਇੱਕ-ਸੁਰ ਅਵਾਜ਼ ਸੁਣਦਿਆਂ ਉਹ ਗੁਰਬਾਣੀ ਦੇ ਵਸਤੂਕਰਨ ਅਤੇ ਵਪਾਰੀਕਰਨ ਨੂੰ ਤਰੁੰਤ ਰੋਕੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਗੁਰਬਾਣੀ ਪ੍ਰਸਾਰ ਕਰਨ ਹਿੱਤ ਆਪਣਾ ਚੈਨਲ ਤੁਰੰਤ ਸ਼ੁਰੂ ਕਰੇ।
ਜਾਰੀ ਕਰਤਾ: ਡਾ. ਖੁਸ਼ਹਾਲ ਸਿੰਘ, ਜਨਰਲ ਸਕੱਤਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ-93161-07093