ਸਿੱਖਿਆ ਵਿਭਾਗ ਪੰਜਾਬ ਨੇ ਸਕੂਲ ਮੁਖੀਆਂ ਨੂੰ ਜਾਰੀ ਕੀਤੀਆਂ ਸਖ਼ਤ ਹਦਾਇਤਾਂ
ਲੁਧਿਆਣਾ, 17 ਜੁਲਾਈ (ਪੰਜਾਬੀ ਜਾਗਰਣ)- ਡਾਇਰੈਕਟਰ ਜਨਰਲ ਸਕੂਲ ਸਿੱਖਿਆ (ਡੀਜੀਐੱਸਈ) ਵਲੋਂ ਸਕੂਲ ਮੁਖੀਆਂ ਨੂੰ ਪੱਤਰ ਰਾਹੀਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੰਜਾਬ ਰਾਜ ਵਿਚ ਤੇਜ਼ ਮੀਂਹ ਪੈਣ ਕਾਰਨ ਵੱਖ-ਵੱਖ ਇਲਾਕਿਆਂ ‘ਚ ਪਾਣੀ ਦਾ ਪੱਧਰ ਵਧਿਆ ਹੈ ਤੇ ਬਹੁਤ ਸਾਰੇ ਇਲਾਕਿਆਂ ‘ਚ ਹੜ੍ਹਾਂ ਵਰਗੀ ਸਥਿਤੀ ਬਣ ਗਈ ਅਤੇ ਪਾਣੀ ਘਰਾਂ ਦੇ ਨਾਲ-ਨਾਲ ਸਕੂਲਾਂ ਦੀਆਂ ਇਮਾਰਤਾਂ ‘ਚ ਵੀ ਆ ਗਿਆ। ਨਤੀਜੇ ਵਜੋਂ ਪੀਐਮ ਪੋਸ਼ਣ ਸਕੀਮ ਅਧੀਨ ਸਕੂਲਾਂ ‘ਚ ਮਿਡ ਡੇ ਮੀਲ ਤਿਆਰ ਕਰਨ ਹਿੱਤ ਰੱਖੇ ਗਏ ਅਨਾਜ ਅਤੇ ਸਾਜੋ-ਸਾਮਾਨ ਖਰਾਬ ਹੋਣ ਦਾ ਖਦਸ਼ਾ ਹੈ।
ਸਿੱਖਿਆ ਵਿਭਾਗ ਵੱਲੋਂ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਦੇਣ ਹਿੱਤ ਕਿਸੇ ਵੀ ਖਰਾਬ ਸਾਮਾਨ ਦੀ ਵਰਤੋਂ ਨਾ ਕੀਤੀ ਜਾਵੇ ਤੇ ਫਿਲਹਾਲ ਆਪਣੇ ਪੱਧਰ ‘ਤੇ ਉਪਰਾਲੇ ਕਰਦੇ ਹੋਏ ਵਿਦਿਆਰਥੀਆਂ ਨੂੰ ਸਿਰਫ਼ ਸਾਫ਼-ਸੁਥਰਾ ਤੇ ਪੌਸ਼ਟਿਕ ਭੋਜਣ ਸਾਫ-ਸੁਥਰੀ ਥਾਂ ‘ਤੇ ਬਿਠਾ ਕੇ ਖਵਾਉਣਾ ਯਕੀਨੀ ਬਣਾਇਆ ਜਾਵੇ। ਜਿੱਥੋਂ ਤਕ ਪਾਣੀ ਨਾਲ ਹੋਏ ਨੁਕਸਾਨ ਦਾ ਸਬੰਧ ਹੈ, ਉਸ ਸਬੰਧੀ ਐਸਐਮਸੀ ਵੱਲੋਂ ਸਬੰਧਤ ਸਕੂਲ ਦੀ ਵੇਰਵਿਆਂ ਸਹਿਤ ਮੁਕੰਮਲ ਰਿਪੋਰਟ ਤਿਆਰ ਕਰ ਕੇ ਬਲਾਕ ਦਫਤਰ ‘ਤੇ ਮੰਗਵਾਈ ਜਾਵੇ ਅਤੇ ਬਲਾਕ ਦਫਤਰਾਂ ਰਾਹੀਂ ਇਹ ਰਿਪੋਰਟਾਂ ਮੰਗਵਾ ਕੇ ਜ਼ਿਲ੍ਹਾ ਪੱਧਰ ‘ਤੇ ਸੰਕਲਿਤ ਕਰਦੇ ਹੋਏ ਇਕਮੁਸ਼ਤ ਰਿਪੋਰਟ ਮੁੱਖ ਦਫਤਰ ਨੂੰ ਭੇਜੀ ਜਾਵੇ ਤਾਂ ਜੋ ਨੁਕਸਾਨੇ ਗਏ ਅਨਾਜ ਜਾਂ ਫਿਰ ਹੋਰ ਸਾਜੋ-ਸਾਮਾਨ ਦੀ ਭਰਪਾਈ ਹਿੱਤ ਉਪਰਾਲੇ ਕੀਤੇ ਜਾ ਸਕਣ।
ਵੀਡੀਓ ਗ੍ਰਾਫੀ ਰਾਹੀਂ ਨੁਕਸਾਨੇ ਗਏ ਅਨਾਜ ਤੇ ਹੋਰ ਸਾਮਾਨ ਦਾ ਵੇਰਵਾ ਦੇਣਾ ਜ਼ਰੂਰੀ
ਮੀਂਹ ਦੇ ਪਾਣੀ ਕਾਰਨ ਖਰਾਬ ਹੋਏ ਅਨਾਜ ਸਮੇਤ ਹੋਰ ਸਾਮਾਨ ਦੀ ਵੀਡਿਓਗ੍ਰਾਫੀ ਰਾਹੀਂ ਨਾ ਵਰਤਣ ਯੋਗ ਅਨਾਜ ਨੂੰ ਐਸਐਮਸੀ/ਸਕੂਲ ਮੁਖੀ ਦੀ ਨਿਗਰਾਨੀ ਹੇਠ ਮਤਾ ਪਾ ਕੇ ਖਤਮ ਕੀਤਾ ਜਾਵੇਗਾ ਤਾਂ ਜੋ ਖਰਾਬ ਹੋਏ ਸਾਮਾਨ ਦੀ ਮੁੜ ਵਰਤੋਂ ਨਾ ਹੋ ਸਕੇ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।
ਸਿਹਤ ਵਿਭਾਗ ਦੀ ਨਿਗਰਾਨੀ ‘ਚ ਵੀ ਰਹੇਗਾ ਸਕੂਲ
ਸਮੇਂ-ਸਮੇਂ ‘ਤੇ ਸਿਹਤ ਵਿਭਾਗ ਵੱਲੋਂ ਸਕੂਲ ‘ਚ ਚੈਕਿੰਗ ਕੀਤੀ ਜਾਵੇਗੀ ਕਿਉਂਕਿ ਜ਼ਿਆਦਾਤਰ ਥਾਵਾਂ ‘ਤੇ ਸਕੂਲਾਂ ‘ਚ ਪਾਣੀ ਖੜ ਜਾਣ ਕਾਰਨ ਮੱਛਰ ਪੈਦਾ ਹੋਣ ਦਾ ਖਤਰਾ ਰਹਿੰਦਾ ਹੈ।
ਸਫਾਈ ਦਾ ਵੀ ਖਾਸ ਧਿਆਨ ਰੱਖਿਆ ਜਾਵੇਗਾ
ਪਾਣੀ ਦੀਆਂ ਟੈਂਕੀਆਂ ਆਦਿ ਦੀ ਸਾਫ-ਸਫਾਈ ਅਤੇ ਮਿਡ ਡੇ ਮੀਲ ਤਿਆਰ ਕਰਨ ਵਾਲੀ ਕਿਚਨ ਵਿੱਚ ਸਾਫ-ਸਫਾਈ ਦਾ ਧਿਆਨ ਰੱਖਿਆ ਜਾਵੇਗਾ,ਅਤੇ ਵਿਦਿਆਰਥੀਆਂ ਨੂੰ ਸਾਫ ਸੁਥਰਾ ਅਤੇ ਪੋਸਟਿਕ ਮਿਡ ਡੇ ਮੀਲ ਮਿਲ ਭੋਜਨ ਦਿੱਤਾ ਜਾਵੇਗਾ।