ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਸਚਿਨ ਨੂੰ 10 ਦਿਨਾਂ ਦੇ ਰਿਮਾਂਡ ‘ਤੇ ਭੇਜਿਆ
ਨਵੀਂ ਦਿੱਲੀ, 1 ਅਗਸਤ (ਰੋਜਾਨਾ ਸਪੋਕਸਮੈਨ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਸਚਿਨ ਬਿਸ਼ਨੋਈ ਨੂੰ 10 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਸੁਰੱਖਿਆ ਕਾਰਨਾਂ ਕਰਕੇ ਉਸ ਨੂੰ ਪਟਿਆਲਾ ਹਾਊਸ ਕੋਰਟ ਦੇ ਲਾਕਅੱਪ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਦਿੱਲੀ ਪੁਲਿਸ ਨੂੰ ਉਸ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਦੱਸ ਦਈਏ ਕਿ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਅਜ਼ਰਬਾਈਜਾਨ ਤੋਂ ਦਿੱਲੀ ਲਿਆਇਆ ਹੈ। ਐਤਵਾਰ ਨੂੰ ਏਸੀਪੀ, ਸਪੈਸ਼ਲ ਸੈੱਲ ਦੇ ਕਾਊਂਟਰ ਇੰਟੈਲੀਜੈਂਸ ਯੂਨਿਟ ਦੇ ਦੋ ਇੰਸਪੈਕਟਰਾਂ ਸਮੇਤ ਚਾਰ ਅਧਿਕਾਰੀਆਂ ਦੀ ਟੀਮ ਅਜ਼ਰਬਾਈਜਾਨ ਗਈ ਸੀ।
ਲਾਰੈਂਸ ਬਿਸ਼ਨੋਈ ਦੇ ਭਤੀਜੇ ਗੈਂਗਸਟਰ ਸਚਿਨ ਬਿਸ਼ਨੋਈ ਨੂੰ ਹਾਲ ਹੀ ਵਿੱਚ ਅਜ਼ਰਬਾਈਜਾਨ ਵਿਚ ਉੱਥੋਂ ਦੀਆਂ ਏਜੰਸੀਆਂ ਨੇ ਗ੍ਰਿਫ਼ਤਾਰ ਕੀਤਾ ਸੀ। ਸਚਿਨ ਜੁਲਾਈ 2020 ਤੋਂ ਅਜ਼ਰਬਾਈਜਾਨ ਦੇ ਨਜ਼ਰਬੰਦੀ ਕੇਂਦਰ ਵਿਚ ਬੰਦ ਸੀ। ਇਸ ਦੇ ਨਾਲ ਹੀ, ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਖ਼ੁਦ ਇਸ ਮਾਮਲੇ ‘ਤੇ ਨੇੜਿਓਂ ਨਜ਼ਰ ਰੱਖ ਰਹੇ ਸਨ ਅਤੇ ਦਿੱਲੀ ਪੁਲਿਸ ਲਗਾਤਾਰ ਗ੍ਰਹਿ ਮੰਤਰਾਲੇ ਦੇ ਸੰਪਰਕ ਵਿਚ ਸੀ।
ਸਚਿਨ ਬਿਸ਼ਨੋਈ ਭਾਰਤ ਵਿਚ ਰਹਿੰਦਿਆਂ ਕਈ ਅਪਰਾਧਿਕ ਘਟਨਾਵਾਂ ਵਿਚ ਸ਼ਾਮਲ ਸੀ। ਉਸ ਨੇ ਸਿੱਧੂ ਮੂਸੇਵਾਲਾ ਨੂੰ ਕਤਲ ਕਰਵਾਉਣ ਦੀ ਯੋਜਨਾ ਬਣਾਈ ਸੀ। ਉਹ ਵਾਰਦਾਤ ਤੋਂ ਪਹਿਲਾਂ ਦਿੱਲੀ ਤੋਂ ਫਰਜ਼ੀ ਪਾਸਪੋਰਟ ਬਣਵਾ ਕੇ ਅਜ਼ਰਬਾਈਜਾਨ ਭੱਜ ਗਿਆ ਸੀ। ਮੂਸੇਵਾਲਾ ਦੇ ਕਤਲ ਤੋਂ ਬਾਅਦ ਸਚਿਨ ਨੇ ਇੰਟਰਨੈੱਟ ਮੀਡੀਆ ‘ਤੇ ਇਸ ਕਤਲੇਆਮ ਦੀ ਜ਼ਿੰਮੇਵਾਰੀ ਵੀ ਲਈ ਸੀ।