ਸੀਵਰੇਜ ਟਰੀਟਮੈਂਟ ਪਲਾਂਟ ਨੂੰ ਗੰਦੇ ਪਾਣੀ ਤੋਂ ਵੱਡਾ ਖ਼ਤਰਾ:ਗੁਰਪ੍ਰੀਤ ਸਿੰਘ ਚੰਦਬਾਜਾ
ਫ਼ਰੀਦਕੋਟ, 1 ਮਈ (ਪੰਜਾਬ ਡਾਇਰੀ)- ਫਰੀਦਕੋਟ ਦੇ ਪਿੰਡ ਚੰਦਬਾਜਾ ਵਿਖੇ ਪੰਜਾਬ ਦੇ ਉੱਘੇ ਵਾਤਾਵਰਨ ਪ੍ਰੇਮੀਆਂ ਦੀ ਇੱਕ ਵਿਸ਼ੇਸ਼ ਮਿਲਣੀ ਹੋਈ ਹੈ। ਜਿਸ ਵਿੱਚ ਲੁਧਿਆਣਾ ਵਿਖੇ ਬੁੱਢੇ ਦਰਿਆ ਦੀ ਪੁਨਰਸੁਰਜੀਤੀ ਤਹਿਤ ਬਣ ਰਹੇ 650 ਕਰੋੜ ਦੇ ਜਮਾਲਪੁਰ ਸੀਵਰੇਜ ਟਰੀਟਮੈਂਟ ਪਲਾਂਟ ਨੂੰ ਇੰਡਸਟਰੀ ਦੇ ਗੰਦੇ ਪਾਣੀ ਕਰਕੇ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰਾਂ ਹੋਈਆਂ।
ਇਹ ਪਲਾਂਟ ਲੰਬੀ ਜਦੋ ਜਹਿਦ ਤੋਂ ਬਾਅਦ ਬਣ ਕੇ ਤਿਆਰ ਹੋਇਆ ਹੈ ਅਤੇ ਇਸ ਵਿੱਚ ਇੰਡਸਟਰੀ ਦੇ ਗੰਦੇ ਪਾਣੀ ਦੇ ਆਉਣ ਕਰਕੇ ਵੱਡਾ ਵਿਵਾਦ ਚੱਲ ਰਿਹਾ ਹੈ।
ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੋਸਾਈਟੀ ਫਰੀਦਕੋਟ ਦੇ ਪ੍ਰਧਾਨ ਅਤੇ ਕਨਵੀਨਰ ਨਰੋਆ ਪੰਜਾਬ ਮੰਚ ਦੇ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕਿਹਾ ਕਿ ਵਾਤਾਵਰਨ ਪ੍ਰੇਮੀਆਂ ਦੇ ਸਾਲਾਂ ਬੱਧੀ ਸੰਘਰਸ਼ ਤੋਂ ਬਾਅਦ 650 ਕਰੋੜ ਦੇ ਇਹ ਪਲਾਂਟ ਹੋਂਦ ਵਿੱਚ ਆਇਆ ਹੈ ਅਤੇ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇਸ ਦਾ ਉਦਘਾਟਨ ਕੀਤਾ ਹੈ।
ਇਹ ਪਲਾਂਟ ਦਾ ਸਹੀ ਤਰੀਕੇ ਚਲਣਾ ਅਤਿ ਜ਼ਰੂਰੀ ਹੈ ਕਿਓਂਕਿ ਦੱਖਣੀ ਪੰਜਾਬ ਦਾ ਇਲਾਕਾ ਇਸ ਪਾਣੀ ਦੀ ਪੀਣ ਲਈ ਵਰਤੋਂ ਕਰਦਾ ਹੈ ਅਤੇ ਉਸ ਵਿੱਚ ਜ਼ਹਿਰੀਲੇ ਸੀਵਰੇਜ ਨੂੰ ਰੋਕੇ ਜਾਣ ਦੀ ਲੜਾਈ ਨੂੰ ਸਹੀ ਦਿਸ਼ਾ ਵਿੱਚ ਅੱਗੇ ਵਧਾਉਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਨੇ ਹਾਲ ਦੇ ਦਿਨਾਂ ਵਿੱਚ ਪ੍ਰਸ਼ਾਸਨ ਵੱਲੋਂ ਕੀਤੀ ਸਖਤੀ ਦੀ ਸ਼ਲਾਘਾ ਕੀਤੀ ਅਤੇ ਇੰਡਸਟਰੀ ਨੂੰ ਇਸ ਸਾਂਝੇ ਕੰਮ ਵਿੱਚ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨਵੇਂ ਬਣੇ ਜਮਾਲਪੁਰ ਟ੍ਰੀਟਮੈਂਟ ਪਲਾਂਟ ਨੂੰ ਪਿਛਲੇ ਪਲਾਂਟ ਵਾਂਗ ਰਸਾਇਣਿਕ ਅਤੇ ਤੇਜ਼ਾਬੀ ਪਾਣੀ ਕਰਕੇ ਖਰਾਬ ਨਹੀਂ ਹੋਣ ਦਿੱਤਾ ਜਾ ਸਕਦਾ ਹੈ ਕਿਊਂਕਿ ਇਹ ਬੁੱਢੇ ਦਰਿਆ ਦੀ ਮੁੜ ਸੁਰਜੀਤੀ ਦਾ ਸੱਭ ਤੋਂ ਅਹਿਮ ਹਿੱਸਾ ਹੈ ਅਤੇ ਦੱਖਣੀ ਪੰਜਾਬ ਨੂੰ ਵੱਧ ਰਹੇ ਕੈਂਸਰ ਵਰਗੇ ਭਿਆਨਕ ਰੋਗਾਂ ਤੋਂ ਬਚਾਉਣ ਲਈ ਇਸ ਦਾ ਸਹੀ ਕੰਮ ਕਰਨਾ ਬਹੁਤ ਜ਼ਰੂਰੀ ਹੈ।
ਬੁੱਢਾ ਦਰਿਆ ਟਾਸਕ ਫੋਰਸ ਦੇ ਕਰਨਲ ਜਸਜੀਤ ਸਿੰਘ ਗਿੱਲ ਨੇ ਪਿੱਛਲੇ ਦਿਨੀਂ ਪਲਾਂਟ ਨੂੰ ਬਚਾਉਣ ਲਈ ਇੱਕ ਉੱਚ ਪੱਧਰੀ ਆਡਿਟ ਕਮੇਟੀ ਦੀ ਮੰਗ ਕੀਤੀ ਸੀ। ਇਸ ਮੰਗ ਦਾ ਵੀ ਵਾਤਾਵਰਨ ਪ੍ਰੇਮੀਆਂ ਵੱਲੋਂ ਪੁਰਜ਼ੋਰ ਸਮਰਥਨ ਕਰਦਿਆਂ ਇਹ ਮਤਾ ਪਾਸ ਕੀਤਾ ਗਿਆ ਕਿ ਸਰਕਾਰ ਇਸ ਲਈ ਵਿਸ਼ੇਸ਼ ਕਮੇਟੀ ਬਣਾਵੇ ਜਿਸ ਵਿੱਚ ਸੁਤੰਤਰ ਮਾਹਿਰ ਹੋਣ ਜੋ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਬਾਹਰ ਦੇ ਹੋਣੇ ਚਾਹੀਦੇ ਹਨ, ਉਹ ਇਸ ਪਲਾਂਟ ਵਿੱਚ ਚੋਰੀ ਚੋਰੀ ਆ ਰਹੇ ਇੰਡਸਟਰੀ ਦੇ ਪਾਣੀ ਬਾਰੇ ਘੋਖ ਅਤੇ ਪੜਤਾਲ ਕਰਕੇ ਉਸ ਨੂੰ ਬੰਦ ਕਰਵਾਉਣ ਦੇ ਤਰੀਕੇ ਬਾਰੇ ਸਰਕਾਰ ਨੂੰ ਸਹੀ ਮਸ਼ਵਰਾ ਦੇਣ।