ਸੀ ਐਚ ਸੀ ਬਾਜਾਖਾਨਾ ਵਿਖੇ ਆਯੂਸ਼ਮਾਨ ਭਾਰਤ ਸਕੀਮ ਹੇਠ ਮਿਲ ਰਹੀਆਂ ਨੇ ਮੁਫ਼ਤ ਸਿਹਤ ਸਹੂਲਤਾਂ
* ਆਯੁਸ਼ਮਾਨ ਕਾਰਡ ਅਤੇ ਆਧਾਰ ਕਾਰਡ ਲਿਆਉਣਾ ਲਾਜ਼ਮੀ
ਫਰੀਦਕੋਟ, 21 ਜੂਨ (ਪੰਜਾਬ ਡਾਇਰੀ)- ਸਿਵਲ ਸਰਜਨ ਫਰੀਦਕੋਟ ਡਾ. ਅਨਿਲ ਗੋਇਲ ਜੀ ਦੀ ਰਹਿਨੁਮਾਈ ਅਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ, ਸੀ ਐਚ ਸੀ ਬਾਜਾਖਾਨਾ; ਡਾ ਹਰਿੰਦਰ ਗਾਂਧੀ ਜੀ ਦੀ ਅਗਵਾਈ ਹੇਠ ਬਾਜਾਖਾਨਾ ਦੇ ਸਮੁਦਾਇਕ ਸਿਹਤ ਕੇਂਦਰ ਵਿਖੇ ਆਯੁਸ਼ਮਾਨ ਭਾਰਤ ਸਕੀਮ ਦੇ ਲਾਭਪਾਤਰੀਆਂ ਦਾ ਸਫ਼ਲ ਇਲਾਜ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ।
ਇਸ ਬਾਰੇ ਗੱਲ ਕਰਦਿਆਂ ਮੈਡੀਕਲ ਅਫ਼ਸਰ ਡਾ. ਅਵਤਾਰਜੀਤ ਸਿੰਘ ਜੀ ਨੇ ਦੱਸਿਆ ਕਿ ਸੀ ਐਚ ਸੀ ਵਿੱਚ ਮੁਫਤ ਜਣੇਪਾ ਸੁਵਿਧਾ ਦੇ ਨਾਲ – 2 ਵੱਖ – ਵੱਖ ਪ੍ਰਕਾਰ ਦੀਆਂ ਸਿਹਤ ਸਹੂਲਤਾਂ ਜਿਵੇਂ : ਲੈਬੋਰੇਟਰੀ ਟੈਸਟ, ਈਸੀਜੀ, ਅੱਖਾਂ ਦੀ ਜਾਂਚ ਆਦਿ ਆਯੁਸ਼ਮਾਨ ਭਾਰਤ ਕਾਰਡ ਧਾਰਕਾਂ ਨੂੰ ਬਿਲਕੁਲ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਡਾ. ਅਵਤਾਰਜੀਤ ਸਿੰਘ ਹੁਣਾਂ ਦੱਸਿਆ ਕਿ ਹਸਪਤਾਲ ਵਿੱਚ ਮੁਫਤ ਜਣੇਪਾ ਹੋਣ ਤੋਂ ਬਾਅਦ ਜੱਚਾ- ਬੱਚਾ ਨੂੰ ਹਸਪਤਾਲ ਤੋਂ ਘਰ ਤੱਕ ਛੱਡ ਕੇ ਆਉਣ ਲਈ ਮੁਫਤ ਵਾਹਨ ਸੇਵਾ (ਐਂਬੂਲੈਂਸ) ਵੀ ਉਪਲਬਧ ਕਰਵਾਈ ਜਾਂਦੀ ਹੈ ਅਤੇ ਹਸਪਤਾਲ ਵਿਚ ਦਾਖਲ ਰਹਿਣ ਦੇ ਸਮੇਂ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਵੀ ਬਿਲਕੁਲ ਮੁਫਤ ਦਿੱਤਾ ਜਾਂਦਾ ਹੈ।
ਔਰਤਾਂ ਦੇ ਰੋਗਾਂ ਦੇ ਮਾਹਿਰ ਮੈਡੀਕਲ ਅਫ਼ਸਰ ਡਾਕਟਰ ਕਿਰਨਦੀਪ ਕੌਰ ਨੇ ਦੱਸਿਆ ਇਸ ਸਿਹਤ ਸੰਸਥਾ ਵਿੱਚ ਜਣੇਪੇ ਦੇ ਨਾਲ ਨਾਲ ਹਰ ਇੱਕ ਨਵ ਜਨਮੇ ਬੱਚੇ ਬੱਚੀ ਦਾ ਸੰਪੂਰਨ ਟੀਕਾ ਕਰਣ ਅਤੇ ਵੈਕਸੀਨੇਸ਼ਨ ਵੀ ਪੂਰੀ ਤਰਾਂ ਮੁਫ਼ਤ ਕੀਤਾ ਜਾਂਦਾ ਹੈ।
ਸਿਹਤ ਬਲਾਕ ਦੇ ਬਲਾਕ ਪ੍ਰਸਾਰ ਸਿਖਿਅਕਾਂ ਸੋਨਦੀਪ ਸਿੰਘ ਸੰਧੂ ਅਤੇ ਫਲੈਗ ਚਾਵਲਾ ਨੇ ਲੋਕਾਂ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਆਯੁਸ਼ਮਾਨ ਸਕੀਮ ਤਹਿਤ ਇਲਾਜ ਲਈ ਆਉਣ ਵਾਲੇ ਲਾਭਪਾਤਰੀ ਆਪਣੇ ਨਾਲ ਆਪਣਾ ਆਯੁਸ਼ਮਾਨ ਕਾਰਡ ਅਤੇ ਆਧਾਰ ਕਾਰਡ ਲਾਜ਼ਮੀ ਤੌਰ ਤੇ ਨਾਲ ਲੈ ਕੇ ਆਉਣ ।