ਸੁਖਪਾਲ ਖਹਿਰਾ ਮਹਿਲਾ ਕਮਿਸ਼ਨ ਦੇ ਸੰਮਨਾਂ ਦੇ ਬਾਵਜੂਦ ਨਹੀਂ ਹੋਏ ਪੇਸ਼; ਉਨ੍ਹਾਂ ਦੇ ਪੁੱਤਰ ਮਹਿਤਾਬ ਖਹਿਰਾ ਨੇ ਵਕੀਲ ਵਜੋਂ ਰੱਖਿਆ ਪੱਖ
ਕਥਿਤ ਮਹਿਲਾ ਵਿਰੋਧੀ ਟਿੱਪਣੀਆਂ ਦਾ ਮਾਮਲਾ: ਕਮਿਸ਼ਨ ਨੇ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦਾ ਹੁਕਮ ਦਿੱਤਾ ਸੀ; ਅੱਗੇ ਦੀ ਕਾਰਵਾਈ ਹੁਣ ਜਾਰੀ ਹੈ।

ਚੰਡੀਗੜ੍ਹ – ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ, ਜਿਨ੍ਹਾਂ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪੰਜਾਬ ਦੀਆਂ ਔਰਤਾਂ ਬਾਰੇ ਵਿਵਾਦਪੂਰਨ ਟਿੱਪਣੀਆਂ ਲਈ ਸੰਮਨ ਕੀਤਾ ਸੀ, ਅੱਜ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਏ। ਉਨ੍ਹਾਂ ਦੀ ਜਗ੍ਹਾ ਉਨ੍ਹਾਂ ਦੇ ਪੁੱਤਰ ਅਤੇ ਵਕੀਲ ਮਹਿਤਾਬ ਸਿੰਘ ਖਹਿਰਾ ਆਪਣਾ ਪੱਖ ਪੇਸ਼ ਕਰਨ ਲਈ ਕਮਿਸ਼ਨ ਦੇ ਦਫ਼ਤਰ ਪਹੁੰਚੇ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ 1,000 ਰੁਪਏ ਦੀ ਮਹੀਨਾਵਾਰ ਵਿੱਤੀ ਸਹਾਇਤਾ ਬਾਰੇ ਸੁਖਪਾਲ ਖਹਿਰਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਟਿੱਪਣੀ ਕੀਤੀ ਸੀ। ਮਹਿਲਾ ਕਮਿਸ਼ਨ ਨੇ ਇਸ ਟਿੱਪਣੀ ਨੂੰ ਔਰਤਾਂ ਦੀ ਮਾਨ-ਮਰਿਆਦਾ ਦੇ ਖ਼ਿਲਾਫ਼ ਮੰਨਦਿਆਂ ਇਸ ਦਾ ਸੂ-ਮੋਟੋ (Suo-Moto) ਨੋਟਿਸ ਲਿਆ ਸੀ ਅਤੇ ਖਹਿਰਾ ਨੂੰ 12 ਮਾਰਚ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਕਿਹਾ ਸੀ।
ਕਮਿਸ਼ਨ ਦੀ ਚੇਅਰਪਰਸਨ ਨੇ ਪਹਿਲਾਂ ਹੀ ਸਪੱਸ਼ਟ ਕੀਤਾ ਸੀ ਕਿ ਸਿਆਸੀ ਲਾਹੇ ਲਈ ਔਰਤਾਂ ਵਿਰੁੱਧ ਭੱਦੀ ਸ਼ਬਦਾਵਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੁਖਪਾਲ ਖਹਿਰਾ ਦੇ ਪੇਸ਼ ਨਾ ਹੋਣ ‘ਤੇ ਉਨ੍ਹਾਂ ਦੇ ਪੁੱਤਰ ਮਹਿਤਾਬ ਖਹਿਰਾ ਨੇ ਕਾਨੂੰਨੀ ਪੱਖ ਰੱਖਦਿਆਂ ਆਪਣਾ ਜਵਾਬ ਦਾਖ਼ਲ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਵੀ ਕਾਫ਼ੀ ਹੰਗਾਮਾ ਹੋਇਆ, ਜਿੱਥੇ ਖਹਿਰਾ ਵਿਰੁੱਧ ਨਿੰਦਾ ਮਤਾ ਪਾਸ ਕਰਕੇ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ।
-(ਬਾਬੂਸ਼ਾਹੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


