ਸੁਨੀਲ ਜਾਖੜ ਨੇ CM ਮਾਨ ਵਲੋਂ ਸੱਦੀ ਖੁੱਲ੍ਹੀ ਬਹਿਸ ‘ਚ ਜਾਣ ਤੋਂ ਕੀਤਾ ਇਨਕਾਰ
ਚੰਡੀਗੜ੍ਹ, 11 ਅਕਤੂਬਰ (ਰੋਜਾਨਾ ਸਪੋਕਸਮੈਨ)- ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਕ ਨਵੰਬਰ ਨੂੰ ਟੈਗੋਰ ਥੀਏਟਰ ਵਿਖੇ ਵਿਰੋਧੀ ਧਿਰਾਂ ਲਈ ਰੱਖੀ ਖੁੱਲ੍ਹੀ ਬਹਿਸ ‘ਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਬਾਰੇ ਪ੍ਰੈੱਸ ਕਾਨਫਰੰਸ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਮੈਂ ਕੋਈ ਨੌਟੰਕੀ ਨਹੀਂ ਕਰਨੀ ਜੋ ਥੀਏਟਰ ‘ਚ ਜਾਵਾਂ।
ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਇਕ ਮਸਲਾ ਤਾਂ ਦੱਸੇ ਕਿ ਆਖ਼ਰ ਖੁੱਲ੍ਹੀ ਬਹਿਸ ਕਿਸ ਮਸਲੇ ‘ਤੇ ਹੋ ਰਹੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਮਾਨ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਬਹਿਸ ਰੱਖਣੀ ਹੈ ਤਾਂ ਫਿਰ ਉਨ੍ਹਾਂ ਨਾਲ ਅਬੋਹਰ ਚੱਲਣ, ਜਿੱਥੇ ਸੂਬੇ ਤੋਂ ਪਾਣੀ ਬਾਹਰ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਦੇ ਹੋਇਆ ਕਿਹਾ ਕਿ ਸੱਤਾ ਦੇ ਨਸ਼ੇ ਵਿਚ ਜਦੋਂ ਕੋਈ ਵਿਅਕਤੀ ਵਿਰੋਧੀ ਧਿਰ ਦੀਆਂ ਗੱਲਾਂ ਨੂੰ ਕਿੱਚ-ਕਿੱਚ ਸਮਝਣ ਲੱਗ ਪਵੇ ਫਿਰ ਸਮਝ ਲੈਣ ਉਸ ਅੰਦਰ ਤਾਨਾਸ਼ਾਹ ਦਾ ਭੂਤ ਵੜ ਗਿਆ।
ਉਨ੍ਹਾਂ ਕਿਹਾ ਕਿ ਅਸੀਂ ਬਹਿਸ ਤੋਂ ਨਹੀਂ ਭੱਜਦੇ, ਸਗੋਂ ਨੋਟੰਕੀਆਂ ਤੋਂ ਭੱਜਦੇ ਹਾਂ। ਅਸੀਂ ਤੱਥਾਂ ‘ਤੇ ਗੱਲ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੇ ਅਹੁਦੇ ਦਾ ਖ਼ਿਆਲ ਰੱਖ ਕੇ ਸ਼ਬਦਾਵਲੀ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹਾ ਕਰਕੇ ਮੁੱਦਿਆਂ ਤੋਂ ਭਟਕਾਉਣ ਦੀ ਗੱਲ ਕਰ ਰਹੀ ਹੈ।