ਸੁੱਖੀ ਅਤੇ ਤੇਜੀ ਨੇ ਖੇਡਾਂ ’ਚ ਮੱਲਾਂ ਮਾਰ ਕੇ ਵਧਾਇਆ ਬੁੱਧਾ ਟਰੱਸਟ ਦਾ ਮਾਣ : ਢੋਸੀਵਾਲ
ਫਰੀਦਕੋਟ, 4 ਅਕਤੂਬਰ (ਪੰਜਾਬ ਡਾਇਰੀ)- ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਕਾਰਜ ਕਰਦੀ ਆ ਰਹੀ ਹੈ। ਆਪਣੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਅਧੀਨ ਜਿਲ੍ਹੇ ਦੀ ਸਮੁੱਚੀ ਟੀਮ ਲੋਕ ਮਸਲਿਆਂ ਨੂੰ ਸ਼ਾਸਨ ਪ੍ਰਸ਼ਾਸਨ ਕੋਲ ਪਹੁੰਚਾ ਕੇ ਉਨ੍ਹਾਂ ਦੇ ਸਾਰਥਿਕ ਹੱਲ ਲਈ ਯਤਨਸ਼ੀਲ ਹੈ। ਟਰੱਸਟ ਦੇ ਮੈਂਬਰ ਜਿਥੇ ਆਪਣੇ ਕਿੱਤੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹਨ ਓਥੇ ਵੱਖ-ਵੱਖ ਖੇਤਰਾਂ ਵਿਚ ਵੀ ਟਰੱਸਟ ਦਾ ਨਾਂਅ ਰੋਸ਼ਨ ਕਰ ਰਹੇ ਹਨ।
ਇਸੇ ਪਰੰਪਰਾ ਨੂੰ ਅੱਗੇ ਤੋਰਦੇ ਹੋਏ ਟਰੱਸਟ ਦੀ ਮੀਤ ਪ੍ਰਧਾਨ ਮਿਸ ਪਰਮਜੀਤ ਤੇਜੀ ਅਤੇ ਸੀਨੀਅਰ ਮੈਂਬਰ ਮਿਸ ਸੁਖਵਿੰਦਰ ਸੁੱਖੀ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਮਿਸ ਤੇਜੀ ਨੇ 31 ਤੋਂ 40 ਸਾਲ ਦੇ ਉਮਰ ਗਰੁੱਪ ਵਿਚ 400 ਮੀਟਰ ਦੇ ਰੇਸ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਮਿਸ ਸੁੱਖੀ ਨੇ ਵੀ ਇਸੇ ਉਮਰ ਗਰੁੱਪ ਵਿਚ ਲੰਬੀ ਛਾਲ ਵਿਚ ਫਸਟ ਪੋਜੀਸ਼ਨ ਪ੍ਰਾਪਤ ਕੀਤੀ ਹੈ।
ਜਿਕਰਯੋਗ ਹੈ ਕਿ ਟਰੱਸਟ ਦੀਆਂ ਮੈਂਬਰਾਂ ਉਪਰੋਕਤ ਦੋਵੇਂ ਖਿਡਾਰਨਾ ਐਸੋਸੀਏਟ ਪ੍ਰੀ-ਪ੍ਰਾਇਮਰੀ ਟੀਚਰ ਵਜੋਂ ਕਲੇਰ ਅਤੇ ਸੀਵੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਸੇਵਾਵਾਂ ਨਿਭਾ ਰਹੀਆਂ ਹਨ। ਟਰੱਸਟ ਮੈਂਬਰਾਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਲਾਰਡ ਬੁੱਧਾ ਟਰੱਸਟ ਦੇ ਬਾਨੀ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ, ਚੀਫ਼ ਪੈਟਰਨ ਹੀਰਾਵਤੀ, ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ, ਮੁੱਖ ਸਲਾਹਕਾਰ ਪ੍ਰਿੰ. ਕ੍ਰਿਸ਼ਨ ਲਾਲ ਸਮੇਤ ਸਮੂਹ ਆਗੂਆਂ ਅਤੇ ਮੈਂਬਰਾਂ ਨੇ ਸੁੱਖੀ ਅਤੇ ਤੇਜੀ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿਤੀ ਹੈ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟਰੱਸਟ ਦੀ ਮੈਂਬਰ ਨਿਰਮਲਜੀਤ ਕੌਰ, ਰਮਨਪ੍ਰੀਤ ਕੌਰ ਅਤੇ ਮਨਜੀਤ ਰਾਣੀ ਨੇ ਖੇਡਾਂ ਅਤੇ ਪ੍ਰਬੰਧਕੀ ਕਾਰਜਕੁਸ਼ਲਤਾ ਅਤੇ ਹੋਰਨਾਂ ਖੇਤਰਾਂ ਵਿਚ ਟਰੱਸਟ ਦਾ ਨਾਂਅ ਚਮਕਾਇਆ ਹੈ। ਇਸੇ ਤਰ੍ਹਾਂ ਟਰੱਸਟ ਦੇ ਮੁੱਖ ਸਲਾਹਕਾਰ ਪ੍ਰਿੰ. ਕ੍ਰਿਸ਼ਨ ਲਾਲ ਵੀ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਸਮਾਜ ਸੇਵਾ ਕਰ ਰਹੇ ਹਨ। ਚੀਫ਼ ਪੈਟਰਨ ਹੀਰਾਵਤੀ ਅਤੇ ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਅਤੇ ਸੀਨੀਅਰ ਮੈਂਬਰ ਮਨਜੀਤ ਖਿੱਚੀ ਧਾਰਮਿਕ ਖੇਤਰਾਂ ਵਿਚ ਯੋਗਦਾਨ ਪਾਉਣ ਦੇ ਨਾਲ ਨਾਲ ਲੋੜਵੰਦਾਂ ਦੀ ਸਹਾਇਤਾ ਲਈ ਤਿਆਰ ਰਹਿੰਦੇ ਹਨ।
ਚੇਅਰਮੈਨ ਢੋਸੀਵਾਲ ਨੇ ਉਕਤ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਹੈ ਕਿ ਸੇਵਾ ਨਿਯਮਾਂ ਦੇ ਕਾਨੂੰਨੀ ਮਾਹਰ ਅਤੇ ਸਾਬਕਾ ਅਸਿਸਟੈਂਟ ਜੁਆਇੰਟ ਕੰਟਰੋਲਰ ਓ.ਪੀ. ਚੌਧਰੀ ਨੇ ਵੀ ਸੁੱਖੀ ਅਤੇ ਤੇਜੀ ਦੀ ਸ਼ਾਨਦਾਰ ਪ੍ਰਾਪਤੀ ’ਤੇ ਉਨ੍ਹਾਂ ਨੂੰ ਵਧਾਈ ਦਿਤੀ ਹੈ। ਢੋਸੀਵਾਲ ਨੇ ਅੱਗੇ ਇਹ ਵੀ ਜਾਣਕਾਰੀ ਦਿਤੀ ਹੈ ਕਿ ਜਲਦੀ ਹੀ ਵਿਸ਼ੇਸ਼ ਮੀਟਿੰਗ ਦੌਰਾਨ ਸੁੱਖੀ, ਤੇਜੀ ਅਤੇ ਕੁਸ਼ਤੀ ਵਿਚ ਮੱਲਾਂ ਮਾਰਨ ਵਾਲੀਆਂ ਛੋਟੀਆਂ ਖਿਡਾਰਨਾਂ ਦੀ ਹੌਂਸਲਾ ਅਫਜਾਈ ਕੀਤੀ ਜਾਵੇਗੀ। ਇਸੇ ਮੀਟਿੰਗ ਵਿਚ ਟਰੱਸਟ ਵਿਚ ਕੁਝ ਹੋਰ ਨਵੇਂ ਮੈਂਬਰ ਵੀ ਸ਼ਾਮਲ ਹੋਣਗੇ।