ਸੰਯੁਕਤ ਕਿਸਾਨ ਮੋਰਚਾ ਦੀ ਬਿਜਲੀ ਨਾਲ ਸੰਬੰਧਿਤ ਮੰਗਾਂ ਨੂੰ ਲੈ ਮੀਟਿੰਗ ਹੋਈ
ਫਰੀਦਕੋਟ, 2 ਜੂਨ (ਪੰਜਾਬ ਡਾਇਰੀ)- ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋ ਬਿਜਲੀ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ 8 ਜੂਨ ਨੂੰ ਪਟਿਆਲਾ ਵਿਖੇ ਦਿੱਤੇ ਜਾਣ ਵਾਲੇ ਵੱਡੇ ਧਰਨੇ ਦੇ ਸੰਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋ ਪੂਰੇ ਪੰਜਾਬ ਅੰਦਰ ਪਟਿਆਲੇ ਧਰਨੇ ਦੀ ਮਜਬੂਤੀ ਲਈ ਚੱਲ ਰਹੀਆਂ ਮੀਟਿੰਗਾਂ ਦੇ ਦੌਰ ਵਿੱਚੋਂ ਜ਼ਿਲ੍ਹਾਂ ਫਰੀਦਕੋਟ ਵਿਖੇ ਮੀਟਿੰਗ ਰੱਖੀ ਗਈ ਜਿਸ ਵਿੱਚ ਬਿਜਲੀ ਨਾਲ ਅਤੇ ਪਾਵਰਕੌਮ ਵਿਭਾਗ ਨਾਲ ਸੰਬੰਧਿਤ ਸਮੱਸਿਆਵਾਂ ਉੱਪਰ ਸ. ਕਾਕਾ ਸਿੰਘ ਕੋਟੜਾ ਸੂਬਾ ਜਨਰਲ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪੱਈਆ ਵਾਲਾ,ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆ ਵੱਲੋ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਬਿਜਲੀ ਬੋਰਡ ਦੇ ਪਟਿਆਲਾ ਮੁੱਖ ਦਫਤਰ ਅੱਗੇ ਲੱਗਣ ਵਾਲੇ ਧਰਨੇ ਦੀਆ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋ ਪੰਜਾਬ ਵਿੱਚ ਸਾਜਿਸ਼ਾ ਅਧੀਨ ਲੁਕਵੇਂ ਢੰਗ ਨਾਲ ਕੇਂਦਰ ਸਰਕਾਰ ਦੀਆ ਲੋਕ ਮਾਰੂ ਨੀਤੀਆਂ ਨੂੰ ਲਾਗੂ ਕਰਵਾਉਣ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਜਿਸ ਦੀ ਕੜੀ ਵੱਜੋ ਹੀ ਸਰਕਾਰ ਨਾਲ ਹੋਈਆਂ ਮੀਟਿੰਗਾ ਵਿੱਚ ਚਿਪ ਵਾਲੇ ਮੀਟਰ ਨਾਂ ਲਗਾਉਣ ਦੀ ਮੰਗ ਮੰਨਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਚਿੱਪ ਵਾਲੇ ਮੀਟਰ ਲਗਾਉਣ ਦੀਆ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਤੋ ਸਿੱਧ ਹੁੰਦਾ ਹੈ ਕਿ ਪੰਜਾਬ ਸਰਕਾਰ ਵੀ ਕਾਰਪੋਰੇਟ ਪੱਖੀ ਤੇ ਗਰੀਬ ਵਰਗ ਦੇ ਲੋਕਾਂ ਦੇ ਵਿਰੋਧੀ ਹੈ ਕਿਉਂਕਿ ਕਿਸਾਨੀ ਅੰਦੋਲਨ ਦੌਰਾਨ ਜੋ ਮੰਗਾਂ ਕੇਂਦਰ ਸਰਕਾਰ ਨੇ ਮੰਨੀਆਂ ਸੀ ਉਹਨਾਂ ਤਿੰਨ ਕਾਲੇ ਕਾਨੂੰਨਾ ਨੂੰ ਰੱਦ ਕਰਨ ਦੀ ਮੰਗ ਤੋ ਇਲਾਵਾ ਇੱਕ ਮੰਗ ਬਿਜਲੀ ਸੋਧ ਬਿੱਲ 2020 ਨੂੰ ਵੀ ਵਾਪਸ ਲੈਣਾ ਸੀ ਅਤੇ ਕੇਂਦਰ ਸਰਕਾਰ ਨੇ ਮੰਨਿਆਂ ਸੀ ਕਿ ਉਹ ਬਿਜਲੀ ਸੋਧ ਬਿੱਲ 2020 ਨੂੰ ਲਾਗੂ ਨਹੀਂ ਕਰੇਗੀ, ਪਰ ਹੁਣ ਕੇਂਦਰ ਸਰਕਾਰ ਅਸਿੱਧੇ ਢੰਗ ਰਾਹੀਂ ਰਾਜ ਸਰਕਾਰਾਂ ਤੋਂ ਉਸ ਨੂੰ ਲਾਗੂ ਕਰਵਾਉਣ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ ਅਤੇ ਉਸ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਵਿਸ਼ਵਾਸਘਾਤ ਕਰਦੇ ਹੋਏ। ਕੇਂਦਰ ਸਰਕਾਰ ਦੀਆਂ ਸਾਜ਼ਿਸ਼ਾਂ ਵਿੱਚ ਸਾਥ ਦਿੱਤਾ ਜਾ ਰਿਹਾ ਹੈ ਅਤੇ ਆਮ ਲੋਕਾਂ ਦੀ ਸਰਕਾਰ ਅਖਵਾਉਣ ਵਾਲੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਜਾ ਰਿਹਾ ਹੈ।
ਕਾਕਾ ਸਿੰਘ ਕੋਟੜਾ ਨੇ ਅੱਗੇ ਗੱਲਬਾਤ ਕਰਦਿਆ ਕਿਹਾ ਕਿ ਇਸੇ ਤਰ੍ਹਾਂ ਹੀ ਬਿਜਲੀ ਵਿਭਾਗ ਨਾਲ ਸਬੰਧਿਤ ਲੰਮੇ ਸਮੇਂ ਤੋਂ ਲਟਕਦੀਆਂ ਹੋਰ ਮੰਗਾਂ ਜਿਵੇਂ ਕਿ ਜਰਨਲ ਕੈਟਾਗਰੀ ਦੇ ਲੰਮੇਂ ਸਮੇਂ ਤੋਂ ਬੰਦ ਪਏ ਕਨੈਕਸ਼ਨ, ਵੀ.ਡੀ.ਐਸ (VDS) ਸਕੀਮ,ਖੇਤੀ ਦੇ ਸਹਾਇਕ ਧੰਦਾ ਦੇ ਕੁਨੈਕਸ਼ਨਾ ਤੇ ਲੱਗ ਰਿਹਾ ਕਮਰਸ਼ੀਅਲ ਚਾਰਜ, ਮਜਬੂਰੀ ਵਸ ਬਿੱਲ ਨਾ ਭਰ ਸਕਣ ਵਾਲੇ ਮਜ਼ਦੂਰਾਂ ਅਤੇ ਕਿਸਾਨਾਂ ਦੇ ਕੁਨੈਕਸ਼ਨ ਕੱਟਣ ਦੀ ਕਵਾਇਤ ਤੁਰੰਤ ਬੰਦ ਕਰਵਾਉਣਾ,ਕਿਸਾਨਾਂ ਤੋਂ ਕੁਨੈਕਸ਼ਨ ਦੇਣ ਦੇ ਨਾਂ ਥੱਲੇ ਭਰਵਾਏ ਗਏ ਪੈਸੇ ਕਿਸਾਨਾਂ ਨੂੰ ਤੁਰੰਤ ਸਮੇਤ ਵਿਆਜ਼ ਵਾਪਸ ਕਰਵਾਉਣਾ, ਕੁਨੈਕਸ਼ਨ ਲੈਣਾ ਚਾਹੁੰਣ ਵਾਲੇ ਕਿਸਾਨਾਂ ਨੂੰ ਤੁਰੰਤ ਕੁਨੈਕਸ਼ਨ,ਜ਼ਮੀਨ ਖਰੀਦਣ ਵਾਲੇ ਅਤੇ ਭਰਾਵੀ ਵੰਡ ਕਾਰਨ ਕੁਨੈਕਸ਼ਨ ਦੀ ਨਾਮ ਤਬਦੀਲ ਪ੍ਰਕ੍ਰਿਆ ਅਸਾਨ ਕਰਵਾਉਣਾ,ਆਪਣੇ ਖੇਤ ਵਿੱਚ ਜਿੱਥੇ ਮਰਜੀ ਟਿਊਬਵੈੱਲ ਕੁਨੈਕਸ਼ਨ ਸ਼ਿਫਟ ਕਰਨ ਦੀ ਖੁੱਲ੍ਹ,ਮੋਟਰਾਂ ਦੇ ਲੋਡ ਵਧਾ ਚੁੱਕੇ ਕਿਸਾਨਾਂ ਦੇ ਟਰਾਸਫਾਰਮ ਵੱਡੇ ਕਰਨ ਦੀ ਮੰਗ ,ਐਲ.ਟੀ (L.T) ਲਾਈਨਾ ਰਾਹੀਂ ਮੋਟਰਾਂ ਉੱਪਰ ਵੋਲਟੇਜ ਪੂਰੀ ਕਰਵਾਉਣਾ ਅਤੇ ਉਹਨਾਂ ਦੀ ਮੁਰੰਮਤ ਕਰਨ ਦੀ ਮੰਗ,ਬਾਦਲ ਸਰਕਾਰ ਸਮੇਂ ਦੇ ਕੁਨੈਕਸ਼ਨਾਂ ਦੇ ਰਹਿੰਦੇ ਟਰਾਂਸਫਾਰਮਰ ਪਾਵਰਕਾਮ ਦੇ ਅਧਿਕਾਰ ਖੇਤਰ ਵਿੱਚ ਲੈਣ ਦੀ ਮੰਗ,ਸੜਨ ਵਾਲੇ ਟਰਾਂਸਫਾਰਮਰ 24 ਘੰਟੇ ਦੇ ਅੰਦਰ-ਅੰਦਰ ਤਬਦੀਲ ਕਰਨਾ,ਟਰਾਂਸਫਾਰਮਰ ਸਿੰਗਲ ਪੋਲ ਦੀ ਬਜਾਏ ਡਬਲ ਪੋਲ ਉੱਪਰ ਲਗਾਉਣ ਦੀ ਮੰਗ,ਫੁਆਰਾ ਕੁਨੈਕਸ਼ਨਾਂ ਨੂੰ AP ਕੈਟਾਗਰੀ ਵਿੱਚ ਸ਼ਾਮਲ ਕਰਨ ਦੀ ਮੰਗ,ਕੰਡਿਆਲੀ ਤਾਰ ਤੋਂ ਪਾਰ ਦੇ ਕਿਸਾਨਾਂ ਨੂੰ ਖੇਤੀ ਲਈ ਮੁਫ਼ਤ ਅਤੇ ਤੁਰੰਤ ਪਹਿਲ ਦੇ ਆਧਾਰ ਤੇ AP ਬਿਜਲੀ ਕੁਨੈਕਸ਼ਨ ਦੀ ਮੰਗ,ਕੰਡਿਆਲੀ ਤਾਰ ਤੋਂ ਪਾਰ ਦੇ ਕਿਸਾਨਾਂ ਲਈ 11 ਕੇ ਵੀ ਲਾਇਨਾਂ ਵੱਖਰੀਆਂ ਕੱਢਣ ਦੀ ਮੰਗ,ਪਿਤਾ ਦੀ ਮੌਤ ਕਾਰਨ ਜ਼ਮੀਨ ਵੰਡਣ ਉਪਰੰਤ ਬਾਕੀ ਪਰਿਵਾਰਕ ਮੈਂਬਰਾਂ ਨੂੰ ਬਿਜਲੀ ਕੁਨੈਕਸ਼ਨ ਦੇਣ ਦੀ ਮੰਗ,ਅਬਾਦੀ ਵਾਲੀਆਂ ਥਾਵਾਂ ਉੱਪਰ ਦੀ ਲੰਘਦੀਆਂ ਹਾਈ ਵੋਲਟੇਜ ਤਾਰਾਂ ਨੂੰ ਇੱਕ ਪਾਸੇ ਕਰਨ ਦੀ ਕਾਰਵਾਈ ਸੁਖਾਲੀ ਕਰਨ ਅਤੇ ਮਾਲਕਾਂ ਤੋਂ ਪਾਸੇ ਕਰਨ ਲਈ ਪੈਸੇ ਵਸੂਲਣੇ ਬੰਦ ਕਰਨ ਦੀ ਮੰਗ, ਕੁਨੈਕਸ਼ਨ ਦੇਣ ਦੇ ਨਾਮ ਤੇ ਪ੍ਰਾਈਵੇਟ ਦਲਾਲਾਂ ਨਾਲ ਮਿਲ ਕੇ ਕਿਸਾਨਾਂ ਨਾਲ ਧੋਖਾ ਕਰਨ ਵਾਲਿਆਂ ਉੱਪਰ ਕਾਰਵਾਈ ਕਰਨ ਦੀ ਮੰਗ, ਅਨਸੀਲਡ ਟਰਾਂਸਫਾਰਮਰ ਤੁਰੰਤ ਕੁਨੈਕਸ਼ਨ ਰੈਗੂਲਰ ਕਰਨ ਦੀ ਮੰਗ,ਖੇਤ ਵਿੱਚੋ ਲੰਘਦੀਆਂ ਪੁਰਾਣੀਆਂ ਵੱਡੀਆਂ ਛੋਟੀਆਂ ਲਾਈਨਾਂ ਨੂੰ ਪਾਵਰ ਕੌਮ ਦੇ ਖਰਚ ਉੱਪਰ ਖੇਤ ਵਿੱਚੋ ਬਾਹਰ ਕੱਢਣ ਦੀ ਮੰਗ,ਖੇਤਾਂ ਦੇ ਵਿਚਕਾਰ ਲੱਗੇ ਟਰਾਂਸਫਾਰਮਰਾਂ ਨੂੰ ਪਾਵਰ ਕੌਮ ਦੇ ਖ਼ਰਚੇ ਉੱਪਰ ਖੇਤਾਂ ਵਿੱਚੋਂ ਬਾਹਰ ਕੱਢਣ ਦੀ ਮੰਗ ਆਦਿ ਮੰਗਾਂ ਨੂੰ ਲੈ ਕੇ 8 ਜੂਨ ਨੂੰ ਪਾਵਰਕੌਮ ਦੇ ਮੁੱਖ ਦਫਤਰ ਪਟਿਆਲਾ ਪਿੱਛੇ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਦੀ ਮਜਬੂਤੀ ਲਈ ਅਤੇ ਤਿਆਰੀਆਂ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਉਨ੍ਹਾਂ ਨਾਲ: ਗੁਰਦਿੱਤਾ ਸਿੰਘ ਜ਼ਿਲ੍ਹਾ ਵਿੱਤ ਸਕੱਤਰ,ਰਜਿੰਦਰ ਸਿੰਘ ਬਲਾਕ ਪ੍ਰਧਾਨ ਸਾਦਿਕ, ਸੁਖਚਰਨ ਸਿੰਘ ਬਲਾਕ ਪ੍ਰਧਾਨ ਗੋਲੇਵਾਲਾ, ਚਰਨਜੀਤ ਸਿੰਘ ਬਲਾਕ ਪ੍ਰਧਾਨ ਫਰੀਦਕੋਟ,ਬਲਜਿੰਦਰ ਸਿੰਘ ਬਾੜਾ ਭਾਈਕਾ ਬਲਾਕ ਪ੍ਰਧਾਨ ਬਾਜਾਖਾਨਾ,ਸ਼ਿੰਦਰਪਾਲ ਸਿੰਘ ਬਲਾਕ ਪ੍ਰਧਾਨ ਜੈਤੋ,ਸੁਖਮੰਦਰ ਸਿੰਘ ਬਲਾਕ ਪ੍ਰਧਾਨ ਕੋਟਕਪੂਰਾ ਆਦਿ ਆਗੂ ਹਾਜ਼ਰ ਸਨ।