ਹਨੀ ਟਰੈਪ ਅਤੇ ਸਾਇਬਰ ਅਪਰਾਧਾਂ ਬਾਰੇ ਪੁਲਿਸ ਨੂੰ ਤੁਰੰਤ ਸੂਚਨਾਂ ਦਿੱਤੀ ਜਾਵੇ : ਢੋਸੀਵਾਲ
— ਬਲੈਕ ਮੇਲਿੰਗ ਤੋਂ ਬਚਿਆ ਜਾ ਸਕਦਾ —
ਸ੍ਰੀ ਮੁਕਤਸਰ ਸਾਹਿਬ, 18 ਮਈ – ਅੱਜ ਕੱਲ ਦੇਸ਼ ਵਿੱਚ ਸੋਸ਼ਲ ਮੀਡੀਆ ਰਾਹੀਂ ਹਨੀ ਟਰੈਪ ਅਤੇ ਸਾਇਬਰ ਕਰਾਇਮ ਮਾਮਲਿਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਅਜਿਹੇ ਅਪਰਾਧਾਂ ਨੂੰ ਸ਼ਾਤਿਰ ਵਿਅਕਤੀਆਂ ਦੇ ਗੈਂਗ ਅੰਜਾਮ ਦਿੰਦੇ ਹਨ। ਹਨੀ ਟਰੈਪ ਗਰੁੱਪ ਵੱਲੋਂ ਭੋਲੋ ਭਾਲੇ ਲੋਕਾਂ ਨੂੰ ਸਾਜਿਸ਼ੀ ਢੰਗ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਉਲਝਾ ਕੇ ਅਸ਼ਲੀਲ ਗੱਲਾਂ ਦੀ ਰਿਕਾਰਡਿੰਗ ਅਤੇ ਵਟਸਐਪ ਚੈਟ ਦੀ ਫਿਲਮ ਬਣਾ ਲਈ ਜਾਂਦੀ ਹੈ। ਇਸ ਰਿਕਾਰਡਿੰਗ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਅਜਿਹੇ ਲੋਕਾਂ ਨੂੰ ਖੂਬ ਬਲੈਕ ਮੇਲ ਕੀਤਾ ਜਾਂਦਾ ਹੈ। ਸਮਾਜਿਕ ਅਤੇ ਪਰਿਵਾਰਕ ਬਦਨਾਮੀ ਦੇ ਡਰੋਂ ਹਨੀ ਟਰੈਪ ਗੈਂਗ ਵਿੱਚ ਫਸੇ ਹੋਏ ਲੋਕ ਜਿਥੇ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੁੰਦੇ ਹਨ, ਉਥੇ ਆਰਥਿਕ ਤੌਰ ’ਤੇ ਵੀ ਬਹੁਤ ਵੱਡੇ ਪੱਧਰ ’ਤੇ ਬਲੈਕ ਮੇਲ ਹੁੰਦੇ ਹਨ। ਇਸੇ ਤਰਾਂ ਕੁਝ ਫਰਜ਼ੀ ਫੋਨ ਕਾਲਾਂ ਰਾਹੀਂ ਵਿਦੇਸ਼ਾਂ ਵਿਚ ਵਸੇ ਦੋਸਤ ਅਤੇ ਰਿਸ਼ਤੇਦਾਰ ਦਰਸਾ ਕੇ ਉਹਨਾਂ ਦੇ ਖਾਤੇ ਵਿਚ ਪੈਸੇ ਪਵਾਉਣ ਦਾ ਲਾਲਚ ਦਿੱਤਾ ਜਾਂਦਾ ਹੈ। ਕਦੇ ਲਾਟਰੀ ਨਿਕਲਣ ਦਾ ਭਰੋਸਾ ਦਿਵਾ ਕੇ ਅਤੇ ਕਦੇ ਗਲਤੀ ਨਾਲ ਫੋਨ ਰੀਚਾਰਜ ਕਰਾਉਣ ਦੀ ਗੱਲ ਕਹੀ ਜਾਂਦੀ ਹੈ। ਇਸ ਸਭ ਕੁਝ ਦਾ ਮਕਸਦ ਸਿਰਫ਼ ਭੋਲੇ ਭਾਲੇ ਲੋਕਾਂ ਨੂੰ ਸਬਜ਼ ਬਾਗ ਦਿਖਾ ਕੇ ਉਹਨਾਂ ਦੇ ਫੋਨ ’ਤੇ ਆਏ ਓ.ਟੀ.ਪੀ. ਨੂੰ ਪੁੱਛ ਕੇ ਉਹਨਾਂ ਦੇ ਖਾਤੇ ਦਾ ਸਾਰਾ ਪੈਸਾ ਉਡਾਉਣਾ ਹੀ ਹੁੰਦਾ ਹੈ। ਬਹੁਤ ਵਾਰ ਭੋਲੇ ਭਾਲੇ ਲੋਕ ਇਹਨਾਂ ਦੀਆਂ ਚਾਲਾਂ ਵਿੱਚ ਫਸ ਕੇ ਆਪਣਾ ਝੁੱਗਾ ਚੌੜ ਕਰਾ ਬੈਠਦੇ ਹਨ। ਐਲ.ਬੀ.ਸੀ.ਟੀ. ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਉਕਤ ਮਾਮਲਿਆਂ ਦੀ ਵਧ ਰਹੀ ਗਿਣਤੀ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਕਰਾਰ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਅਜਿਹੇ ਮਾਮਲਿਆਂ ਨੂੰ ਅੰਜਾਮ ਦੇਣ ਵਾਲੇ ਬਲੈਕ ਮੇਲ ਅਤੇ ਸਾਈਬਰ ਕਰਾਇਮ ਅਪਰਾਧੀਆਂ ਵਿਚ ਕੁਝ ਸਥਾਨਕ ਵਿਅਕਤੀ ਵੀ ਸ਼ਾਮਲ ਹੁੰਦੇ ਹਨ। ਪ੍ਰਧਾਨ ਢੋਸੀਵਾਲ ਨੇ ਹਨੀ ਟਰੈਪ ਅਤੇ ਸਾਈਬਰ ਕਰਾਇਮ ਦੇ ਮਾਮਲਿਆਂ ਵਿਚ ਫਸਾਏ ਗਏ ਨਿਰਦੋਸ਼ ਵਿਅਕਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਮਾਮਲਿਆਂ ਬਾਰੇ ਤੁਰੰਤ ਹੀ ਆਪਣੀ ਸਥਾਨਕ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਉਣ। ਅਜਿਹਾ ਕਰਕੇ ਹੀ ਹੋਰ ਬਲੈਕ ਮੇਲਿੰਗ ਤੋਂ ਬਚਿਆ ਜਾ ਸਕਦਾ ਹੈ।
ਫੋਟੋ ਕੈਪਸ਼ਨ : ਜਗਦੀਸ਼ ਰਾਏ ਢੋਸੀਵਾਲ।