ਹਾਈਕੋਰਟ ਵੱਲੋਂ ਸ਼ੰਭੂ ਬਾਰਡਰ ਤੋਂ ਬੈਕੀਰੇਡ ਹਟਾਉਣ ਦੇ ਹੁਕਮਾਂ ਪਿੱਛੋਂ ਕਿਸਾਨਾਂ ਦਾ ਵੱਡਾ ਐਲਾਨ
ਹਰਿਆਣਾ, 10 ਜੁਲਾਈ (ਨਿਊਜ 18)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼ੰਭੂ ਬਾਰਡਰ ਉਤੇ ਬੰਦ ਕੀਤੇ ਰਸਤੇ ਖੋਲ੍ਹਣ ਦੇ ਹੁਕਮ ਦਿੱਤੇ ਹਨ। ਹਾਈਕੋਰਟ ਨੇ ਆਖਿਆ ਹੈ ਕਿ ਹਰਿਆਣਾ ਸਰਕਾਰ ਇਕ ਹਫਤੇ ਦੇ ਅੰਦਰ ਬੈਰੀਕੇਡ ਹਟਾ ਲਵੇ। ਉਧਰ, ਕਿਸਾਨਾਂ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਉਹ ਦਿੱਲੀ ਵੱਲ ਸ਼ਾਂਤਮਈ ਤਰੀਕੇ ਨਾਲ ਕੂਚ ਕਰਨਗੇ।
ਕਿਸਾਨ ਆਗੂ ਮਨਜੀਤ ਰਾਏ ਨੇ ਆਖਿਆ ਹੈ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਵਿਚ ਪ੍ਰਦਰਸ਼ਨ ਕਰਾਂਗੇ। ਉਨ੍ਹਾਂ ਆਖਿਆ ਕਿ ਆਖਰੀ ਫੈਸਲਾ ਮੀਟਿੰਗ ਵਿਚ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਸ਼ੁਰੂ ਤੋਂ ਦਿੱਲੀ ਜਾਣਾ ਚਾਹੁੰਦੇ ਸੀ ਅਤੇ ਸ਼ਾਂਤਮਈ ਢੰਗ ਨਾਲ ਹੀ ਦਿੱਲੀ ਵੱਲ ਜਾ ਰਹੇ ਸੀ, ਪਰ ਹਰਿਆਣਾ ਸਰਕਾਰ ਨੇ ਬੇਵਜ੍ਹਾ ਰੋਕਾਂ ਲਾ ਕੇ ਇਥੇ ਰੋਕ ਲਿਆ ਗਿਆ। ਉਹ ਹਾਈਕੋਰਟ ਦੇ ਤਾਜ਼ਾ ਹੁਕਮਾਂ ਦਾ ਸਵਾਗਤ ਕਰਦੇ ਹਨ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਸੜਕ ਸਾਫ਼ ਕਰਨ ਅਤੇ ਬੈਰੀਕੇਡ ਹਟਾਉਣ ਦੇ ਹੁਕਮ ਦਿੱਤੇ ਹਨ। ਹਾਈਕੋਰਟ ‘ਚ ਦਾਇਰ ਇਸ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਕਿਸਾਨਾਂ ਦੇ ਅੰਦੋਲਨ ਕਾਰਨ NH-44 ਪਿਛਲੇ 5 ਮਹੀਨਿਆਂ ਤੋਂ ਬੰਦ ਹੈ। ਇਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ।
ਹਾਈ ਕੋਰਟ ਨੇ ਕਿਹਾ ਕਿ ਬਾਰਡਰ ਉਤੇ ਸਥਿਤੀ ਸ਼ਾਂਤ ਹੈ ਅਤੇ ਕਿਸਾਨਾਂ ਦੀ ਕੇਂਦਰ ਸਰਕਾਰ ਤੋਂ ਮੰਗ ਹੈ। ਹਾਈਕੋਰਟ ਨੇ ਪੰਜਾਬ ਅਤੇ ਹਰਿਆਣਾ ਦੋਵਾਂ ਨੂੰ ਹੁਕਮ ਦਿੱਤੇ ਹਨ। ਹਰਿਆਣਾ ਜਿੱਥੇ ਪੁਲਿਸ ਵੱਲੋਂ ਲਗਾਏ ਬੈਰੀਕੇਡ ਹਟਾਏ, ਉਥੇ ਹੀ ਪੰਜਾਬ ਨੂੰ ਕਿਸਾਨਾਂ ਨੂੰ ਉਥੋਂ ਹਟਾਉਣਾ ਚਾਹੀਦਾ ਹੈ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ।
ਦੱਸ ਦਈਏ ਕਿ ਸ਼ੰਭੂ ਬਾਰਡਰ ਖੁੱਲ੍ਹਵਾਉਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ ’ਚ ਹਰਿਆਣਾ ਤੇ ਪੰਜਾਬ ਸਰਕਾਰ ਸਣੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਤੇ ਜਗਜੀਤ ਡੱਲੇਵਾਲ ਨੂੰ ਧਿਰ ਬਣਾਇਆ ਗਿਆ ਸੀ।
ਚੇਤੇ ਰਹੇ, 13 ਫਰਵਰੀ ਤੋਂ ਕਿਸਾਨ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਸ਼ੰਭੂ ਬਾਰਡਰ ਉਤੇ ਧਰਨਾ ਦੇ ਰਹੇ ਹਨ। ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਰਾਸ਼ਟਰੀ ਰਾਜਮਾਰਗ ਖੋਲ੍ਹਣ ਦੇ ਹੁਕਮ ਦਿੱਤੇ ਹਨ। ਦੋਵਾਂ ਸਰਕਾਰਾਂ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣੀ ਚਾਹੀਦੀ ਹੈ। ਹਾਲਾਂਕਿ ਹੁਣ ਜੇਕਰ ਪੁਲਿਸ ਸ਼ੰਭੂ ਬਾਰਡਰ ਖੋਲ੍ਹਦੀ ਹੈ ਤਾਂ ਉਸ ਤੋਂ ਬਾਅਦ ਕਿਸਾਨ ਕਿਹੜੀ ਰਣਨੀਤੀ ਅਪਣਾਉਂਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।