ਹੀਰਾ ਸਿੰਘ ਨਗਰ ਗਲੀ ਨੰਬਰ 7 ਸੱਜੇ ਪਾਸੇ ਦੇ ਵਸਨੀਕ ਸੀਵਰੇਜ ਦੇ ਗੰਦੇ ਪਾਣੀ ਤੋਂ ਹੋਏ ਪ੍ਰੇਸ਼ਾਨ
ਮੁਹੱਲਾ ਵਾਸੀਆਂ ਨੇ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਕੀਤੀ ਮੰਗ
ਕੋਟਕਪੂਰਾ, 30 ਮਾਰਚ – ਸਥਾਨਕ ਹੀਰਾ ਸਿੰਘ ਨਗਰ ਗਲੀ ਨੰ-7 ਸੱਜੇ ਪਾਸੇ ਦੇ ਵਸਨੀਕ ਹਰ ਰੋਜ਼ ਸੀਵਰੇਜ ਦੀਆਂ ਪਾਈਪਾਂ ਵਿੱਚੋਂ ਦੀ ਲੀਕ ਹੋ ਰਹੇ ਗੰਦੇ ਪਾਣੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹਨ। ਇਹ ਜਾਣਕਾਰੀ ਦਿੰਦਿਆਂ ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਸੂਬਾਈ ਆਗੂ ਬਲਦੇਵ ਸਿੰਘ ਸਹਿਦੇਵ , ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਸਹਿਦੇਵ, ਰਾਜੀਵ ਕੁਮਾਰ, ਸੰਜੀਵ ਕੁਮਾਰ ਤੇ ਸਰਬਜੀਤ ਸਿੰਘ ਜੋ ਹੀਰਾ ਸਿੰਘ ਨਗਰ ਦੀ ਗਲੀ ਨੰਬਰ 7 ਦੇ ਵਸਨੀਕ ਹਨ, ਨੇ ਦੱਸਿਆ ਹੈ ਕਿ ਗਟਰਾਂ ਅਤੇ ਹੋਰ ਘਰਾਂ ਨੂੰ ਦਿੱਤੇ ਸੀਵਰੇਜ ਕੁਨੈਕਸ਼ਨਾਂ ਵਿੱਚੋਂ ਲੀਕ ਹੋ ਕੇ ਗਲੀ ਵਿੱਚ ਵਗਦੇ ਗੰਦੇ -ਮੁਸ਼ਕੇ ਪਾਣੀ ਨੇ ਲੋਕਾਂ ਦਾ ਜਿਉਣਾ ਦੁੱਭਰ ਕਰਕੇ ਰੱਖਿਆ ਹੋਇਆ ਹੈ ਤੇ ਇਸ ਕਾਰਨ ਮੁਹੱਲੇ ਵਿੱਚ ਕਿਸੇ ਗੰਭੀਰ ਬਿਮਾਰੀ ਦੇ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਸਾਰੀ ਵਸਨੀਕਾਂ ਨੇ ਅੱਗੇ ਦੱਸਿਆ ਕਿ ਇਸ ਗਲੀ ਦੇ ਸੀਵਰੇਜ ਕੁਨੈਕਸ਼ਨ ਨੂੰ ਅਜੇ ਤੱਕ ਕਿਸੇ ਵੀ ਪਾਸੇ ਮੇਨ ਸੀਵਰੇਜ ਪਾਈਪ ਲਾਈਨ ਵਿੱਚ ਜੋੜਣ ਬਗ਼ੈਰ ਹੀ ਸੀਵਰੇਜ ਕੁਨੈਕਸ਼ਨ ਦੇ ਦਿੱਤੇ ਹਨ ਤੇ ਕੁੱਝ ਘਰਾਂ ਨੇ ਚਾਲੂ ਵੀ ਕਰ ਲਏ ਹਨ। ਸਮੂਹ ਮੁਹੱਲਾ ਨਿਵਾਸੀਆਂ ਨੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਕੋਟਕਪੂਰਾ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਤੁਰੰਤ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਜ਼ਿੰਮੇਂਵਾਰ ਅਧਿਕਾਰੀਆਂ ਨੇ ਤੁਰੰਤ ਇਸ ਮਸਲੇ ਦਾ ਹੱਲ ਨਾ ਕੀਤਾ ਤਾਂ ਲੋਕਾਂ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ ਜਾਂ ਫਿਰ ਇਨਸਾਫ਼ ਦੀ ਪ੍ਰਾਪਤੀ ਲਈ ਮਾਨਯੋਗ ਅਦਾਲਤ ਦਾ ਬੂਹਾ ਖੜਕਾਉਣ ਲਈ ਮਜ਼ਬੂਰ ਹੋਣਾ ਪਵੇਗਾ।