ਹੁਣ ਜੀਂਸ ਤੇ ਟੀ-ਸ਼ਰਟ ਪਾ ਕੇ ਦਫ਼ਤਰ ਨਹੀਂ ਆ ਸਕਦੇ ਮੁਲਾਜ਼ਮ, ਸਿੱਖਿਆ ਵਿਭਾਗ ਨੇ ਜਾਰੀ ਕੀਤਾ ਆਦੇਸ਼
ਬਿਹਾਰ, 30 ਜੂਨ (ਡੇਲੀ ਪੋਸਟ ਪੰਜਾਬੀ)- ਬਿਹਾਰ ਸਿੱਖਿਆ ਵਿਭਾਗ ਨੇ ਆਪਣੇ ਸਾਰੇ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਲਈ ਇੱਕ ਜ਼ਰੂਰੀ ਆਦੇਸ਼ ਜਾਰੀ ਕੀਤਾ ਹੈ। ਜਾਰੀ ਆਦੇਸ਼ ਅਨੁਸਾਰ ਸਾਰਿਆਂ ਨੂੰ ਫਾਰਮਲ ਡਰੈੱਸ ਕੋਡ ਦੀ ਪਾਲਣਾ ਕਰਨੀ ਪਵੇਗੀ । ਵਿਭਾਗ ਨੇ ਸਾਰੇ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਜੀਂਸ ਤੇ ਟੀ-ਸ਼ਰਟ ਪਹਿਨਣ ‘ਤੇ ਰੋਕ ਲਗਾ ਦਿੱਤੀ ਹੈ। ਇਸ ਸਬੰਧ ਵਿੱਚ ਸਿੱਖਿਆ ਵਿਭਾਗ ਵੱਲੋਂ ਲਿਖਤ ਆਦੇਸ਼ ਜਾਰੀ ਕੀਤਾ ਗਿਆ ਹੈ।
ਇਹ ਆਦੇਸ਼ ਸੁਬੋਧ ਕੁਮਾਰ ਚੌਧਰੀ, ਨਿਦੇਸ਼ਕ ਪ੍ਰਸ਼ਾਸਨ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਸਿੱਖਿਆ ਵਿਭਾਗ ਵਿੱਚ ਤਾਇਨਾਤ ਕਰਮਚਾਰੀ ਮਾਣ-ਸਤਿਕਾਰ ਦੇ ਤਹਿਤ ਡਰੈੱਸ ਪਹਿਨ ਕੇ ਨਹੀਂ ਆ ਰਹੇ ਜੋ ਦਫ਼ਤਰੀ ਨਿਯਮਾਂ ਅਨੁਸਾਰ ਸਹੀ ਨਹੀਂ ਹੈ। ਸਾਰੇ ਅਹੁਦੇਦਾਰਾਂ ਅਤੇ ਕਰਮਚਾਰੀਆਂ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਦਫਤਰ ਨਿਯਮ ਦੇ ਤਹਿਤ ਹੀ ਪਹਿਰਾਵਾ ਪਾ ਕੇ ਆਇਆ ਜਾਵੇ । ਕਿਸੇ ਵੀ ਹਾਲਤ ਵਿੱਚ ਜੀਂਸ, ਟੀ-ਸ਼ਰਟ ਪਾ ਕੇ ਨਾ ਆਓ । ਇਹ ਹੁਕਮ 28 ਜੂਨ ਨੂੰ ਜਾਰੀ ਕੀਤੇ ਗਏ ਹਨ।
ਇਸ ਤੋਂ ਪਹਿਲਾਂ ਅਸਾਮ ਸਰਕਾਰ ਨੇ ਅਧਿਆਪਕਾਂ ਦੇ ਲਈ ਡਰੈੱਸ ਕੋਡ ਨਾਲ ਸਬੰਧਿਤ ਆਦੇਸ਼ ਜਾਰੀ ਕੀਤਾ ਸੀ। ਜਿਸ ਵਿੱਚ ਸਰਕਾਰੀ ਸਕੂਲ ਦੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਜੀਂਸ, ਟੀ-ਸ਼ਰਟ ਤੇ ਲੈਗਿੰਗਸ ਨਾ ਪਾ ਕੇ ਆਉਣ ਦੀ ਗੱਲ ਕਹੀ ਗਈ ਸੀ। ਅਸਾਮ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਲਈ ਜਾਰੀ ਨੋਟੀਫਿਕੇਸ਼ਨ ਵਿੱਚ ਲਿਖਿਆ ਗਿਆ ਸੀ ਕਿ ਸਰਕਾਰੀ ਸਕੂਲ ਦੇ ਅਧਿਆਪਕ ਚਾਹੇ ਪੁਰਸ਼ ਹੋਣ ਜਾਂ ਮਹਿਲਾ, ਉਨ੍ਹਾਂ ਨੂੰ ਕੁਝ ਅਜਿਹੇ ਕੱਪੜੇ ਪਹਿਨਣ ਦੀ ਆਦਤ ਨੂੰ ਛੱਡਣਾ ਪਵੇਗਾ ਜਿਨ੍ਹਾਂ ਨੂੰ ਪਾਰਟੀ ਆਦਿ ਵਿੱਚ ਪਹਿਨਿਆ ਜਾਂਦਾ ਹੈ। ਹੁਣ ਉਨ੍ਹਾਂ ਨੂੰ ਸਾਦੇ ਕੱਪੜਿਆਂ ਵਿੱਚ ਸਕੂਲ ਆਉਣਾ ਪਵੇਗਾ।