ਹੁਣ ਵਾਹਨ ਚਾਲਕ ਪਤਾ ਲਗਾ ਸਕਣਗੇ ਕਿੱਥੇ ਹੈ ਬਲੈਕ ਸਪਾਟ, ਸੜਕ ਹਾ.ਦਸਿਆਂ ਨੂੰ ਰੋਕਣ ਲਈ ਪੰਜਾਬ ਅਪਣਾਏਗਾ ਨਵੀਂ ਤਕਨੀਕ
ਚੰਡੀਗੜ੍ਹ, 30 ਦਸੰਬਰ (ਡੇਲੀ ਪੋਸਟ ਪੰਜਾਬੀ)- ਪੰਜਾਬ ਵਿੱਚ ਸੜਕ ਹਾਦਸਿਆਂ ਨੂੰ ਰੋਕਣ ਲਈ ਨਵੀਂ ਤਕਨੀਕ ਅਪਣਾਈ ਜਾਵੇਗੀ, ਜਿਸ ਨਾਲ ਵਾਹਨ ਚਲਾਉਂਦੇ ਸਮੇਂ ਤੁਸੀਂ ਇਸ ਗੱਲ ਦਾ ਪਤਾ ਲਗਾ ਸਕੋਗੇ ਕਿ ਸੜਕ ’ਤੇ ਬਲੈਕ ਸਪਾਟ ਕਿੱਥੇ ਹਨ। ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਪੰਜਾਬ ਪੁਲਿਸ ਨੇ ਟ੍ਰੈਫਿਕ ਵਿੰਗ ਵੱਲੋਂ ਮੈਪਮਾਈਇੰਡੀਆ ਦੇ ਸਹਿਯੋਗ ਨਾਲ ਸੂਬੇ ਦੇ ਸਾਰੇ ਬਲੈਕ ਸਪਾਟ ਦੀ ਮੈਪਿੰਗ ਕੀਤੀ ਹੈ।
ਜਾਣਕਾਰੀ ਮੁਤਾਬਕ ਸੂਬੇ ’ਚ 784 ਬਲੈਕ ਸਪਾਟ ਹਨ ਜਿਹੜੇ ਰਾਸ਼ਟਰੀ ਰਾਜਮਾਰਗਾਂ ਤੇ ਸਟੇਟ ਹਾਈਵੇ ’ਤੇ ਪੈਂਦੇ ਹਨ। ਪੰਜਾਬ ਰੋਡ ਸੇਫਟੀ ਟ੍ਰੈਫਿਕ ਰਿਸਰਚ ਸੈਂਟਰ ’ਚ ਸੂਬਾ ਸਰਕਾਰ ਦੇ ਟ੍ਰੈਫਿਕ ਸਲਾਹਕਾਰ ਨਵਦੀਪ ਅਸੀਜਾ ਨੇ ਦੱਸਿਆ ਕਿ ਇਹ ਸਾਂਝੇ ਯਤਨ ਸੂਬੇ ’ਚ ਸੜਕ ਸੁਰੱਖਿਆ ਵਧਾਉਣ ਤੇ ਸੁਰੱਖਿਅਤ ਡਰਾਈਵਿੰਗ ਦੇ ਸੱਭਿਆਚਾਰ ਨੂੰ ਹੁਲਾਰਾ ਦੇਣ ’ਚ ਇੱਕ ਅਹਿਮ ਕਦਮ ਹੈ। ਉਨ੍ਹਾਂ ਨੇ ਦੱਸਿਆ ਕਿ ਖ਼ਾਸ ਗੱਲ ਇਹ ਹੈ ਕਿ ਵਾਹਨ ਚਾਲਕਾਂ ਨੂੰ ਵਾਇਸ ਅਲਰਟ ਮਿਲੇਗਾ। ਐਪ ਦਾ ਇਸਤੇਮਾਲ ਕਰਦੇ ਸਮੇਂ ਡਰਾਈਵਰ ਨੂੰ ਸੂਚਨਾ ਮਿਲ ਜਾਵੇਗੀ ਕਿ ਕਿੰਨੀ ਦੂਰੀ ’ਤੇ ਬਲੈਕ ਸਪਾਟ ਹੈ।
ਸੂਬੇ ਦੇ ADGP ਟ੍ਰੈਫਿਕ AS ਰਾਏ ਨੇ ਦੱਸਿਆ ਕਿ ਸੂਬੇ ਦੀਆਂ ਸੜਕਾਂ ’ਤੇ ਸੁਰੱਖਿਅਤ ਡਰਾਈਵਿੰਗ ਨੂੰ ਬਿਹਤਰ ਬਣਾਉਣ ਲਈ ਇਹ ਡਿਜ਼ਾਈਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਪੁਲਿਸ ਤੇ ਸੂਬੇ ਲਈ ਮਾਣ ਦੀ ਗੱਲ ਹੈ ਕਿ ਹਾਦਸੇ ਵਾਲੇ ਬਲੈਕ ਸਪਾਟ ਦੀ ਏਨੀ ਵੱਡੇ ਪੱਧਰ ’ਤੇ ਮੈਪਿੰਗ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ। ਇਸ ਤੋਂ ਇਲਾਵਾ ਇਹ ਨਿੱਜੀ ਪਸੰਦ ਦੇ ਆਧਾਰ ’ਤੇ ਖੇਤਰੀ ਭਾਸ਼ਾਵਾਂ ’ਚ ਵਾਇਰਸ ਅਲਰਟ ਦਿੰਦਾ ਹੈ।
ਰਾਏ ਨੇ ਕਿਹਾ ਕਿ ਇਸ ਤੋਂ ਪਹਿਲਾਂ ਸੂਬੇ ’ਚ ਵੱਡੇ ਸੜਕ ਹਾਦਸਿਆਂ ਦੀ ਜਾਂਚ ਕਰਨ ਲਈ ਕ੍ਰੈਸ਼ ਇਨਵੈਸਟੀਗੇਸ਼ਨ ਅਧਿਕਾਰੀ ਪਹਿਲਾਂ ਹੀ ਤਾਇਨਾਤ ਕੀਤੇ ਜਾ ਚੁੱਕੇ ਹਨ। ਇਸ ਦੀ ਸ਼ੁਰੂਆਤ ਜ਼ਿਲ੍ਹਾ ਮੋਹਾਲੀ ਤੋਂ ਕੀਤੀ ਗਈ ਸੀ। ਬਾਕੀ ਜ਼ਿਲ੍ਹਿਆਂ ’ਚ ਵੀ ਕ੍ਰੈਸ਼ ਇਨਵੈਸਟੀਗੇਸ਼ਨ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਨਵੇਂ ਸਾਲ ’ਚ ਸੜਕ ਸੁਰੱਖਿਆ ਫੋਰਸ ਇਕ ਨਵੀਂ ਲੁੱਕ ’ਚ ਸੂਬੇ ਦੀਆਂ ਸੜਕਾਂ ’ਤੇ ਨਜ਼ਰ ਆਏਗਾ।
AS ਰਾਏ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਨੂੰ ਆਧੁਨਿਕ ਵਾਹਨਾਂ ਨਾਲ ਲੈਸ ਕੀਤਾ ਗਿਆ ਹੈ। ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਲਈ ਵੱਖਰੇ ਤੌਰ ’ਤੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਸੂਬਾਈ ਟ੍ਰੈਫਿਕ ਪੁਲਿਸ ਦਾ ਉਦੇਸ਼ ਸੜਕ ਹਾਦਸਿਆਂ ਨੂੰ ਘੱਟ ਕਰਨਾ ਹੈ। ਇਸ ਦੇ ਨਾਲ ਹੀ ਧੁੰਦ ਦੇ ਮੌਸਮ ’ਚ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਸੜਕ ਹਾਦਸਿਆਂ ਤੋਂ ਬਚਿਆ ਜਾ ਸਕੇ।