ਹੁਣ ਹਰ ਵਿਦਿਆਰਥੀ ਦੀ ਬਣੇਗੀ ‘ਅਪਾਰ’ ਆਈਡੀ, ਇਸ ‘ਚ ਪੜ੍ਹਾਈ ਨਾਲ ਸਬੰਧਤ ਹੋਵੇਗਾ ਹਰ ਡਾਟਾ
ਨਵੀਂ ਦਿੱਲੀ, 25 ਅਕਤੂਬਰ (ਰੋਜਾਨਾ ਸਪੋਕਸਮੈਨ)- ਆਟੋਮੇਟਿਡ ਪਰਮਾਨੈਂਟ ਅਕਾਦਮਿਕ ਖਾਤਾ ਰਜਿਸਟਰੀ ਯਾਨੀ ਅਪਾਰ ਆਈਡੀ ਹੁਣ ਦੇਸ਼ ਭਰ ਦੇ ਵਿਦਿਆਰਥੀਆਂ ਦੀ ਵਿਲੱਖਣ ਪਛਾਣ ਹੋਵੇਗੀ। ਇਹ ਆਧਾਰ ਦੀ ਤਰ੍ਹਾਂ 12 ਅੰਕਾਂ ਦਾ ਵਿਲੱਖਣ ਨੰਬਰ ਹੋਵੇਗਾ। ਕੋਈ ਵੀ ਵਿਦਿਆਰਥੀ ਕਿੰਡਰਗਾਰਟਨ, ਸਕੂਲ ਜਾਂ ਕਾਲਜ ਵਿਚ ਦਾਖ਼ਲਾ ਲੈਂਦੇ ਹੀ ਇਹ ਆਈਡੀ ਪ੍ਰਾਪਤ ਕਰੇਗਾ।
ਇਸ ਵਿਚ ਸਕੂਲ, ਕਾਲਜ, ਯੂਨੀਵਰਸਿਟੀ ਟਰਾਂਸਫਰ, ਸਰਟੀਫਿਕੇਟ ਵੈਰੀਫਿਕੇਸ਼ਨ, ਸਕਿੱਲ ਟਰੇਨਿੰਗ, ਇੰਟਰਨਸ਼ਿਪ, ਸਕਾਲਰਸ਼ਿਪ, ਅਵਾਰਡ, ਕੋਰਸ ਕ੍ਰੈਡਿਟ ਟਰਾਂਸਫਰ ਅਤੇ ਹੋਰ ਕੋਈ ਪ੍ਰਾਪਤੀ ਵਰਗੀ ਸਾਰੀ ਜਾਣਕਾਰੀ ਡਿਜੀਟਲ ਰੂਪ ਵਿੱਚ ਸ਼ਾਮਿਲ ਕੀਤੀ ਜਾਵੇਗੀ। ਦੇਸ਼ ਭਰ ਵਿੱਚ ਲਗਭਗ 30 ਕਰੋੜ ਵਿਦਿਆਰਥੀ ਹਨ। ਇਨ੍ਹਾਂ ਵਿੱਚੋਂ 4.1 ਕਰੋੜ ਉੱਚ ਸਿੱਖਿਆ ਨਾਲ ਸਬੰਧਤ ਹਨ ਅਤੇ ਕਰੀਬ 4 ਕਰੋੜ ਸਕਿੱਲ ਕੋਰਸਾਂ ਨਾਲ ਸਬੰਧਤ ਹਨ। ਬਾਕੀ ਸਕੂਲਾਂ ਵਿਚ ਹਨ। ਅਕਾਦਮਿਕ ਬੈਂਕ ਆਫ ਕਰੈਡਿਟ ਪ੍ਰਣਾਲੀ ਦੇ ਲਾਗੂ ਹੋਣ ਕਾਰਨ, ਇਸ ਸੈਸ਼ਨ ਤੋਂ ਬਾਅਦ, ਇਕ ਹਜ਼ਾਰ ਤੋਂ ਵੱਧ ਉੱਚ ਸਿੱਖਿਆ ਸੰਸਥਾਵਾਂ ਦੇ ਇਕ ਕਰੋੜ ਤੋਂ ਵੱਧ ਵਿਦਿਆਰਥੀਆਂ ਨੇ ਅਪਾਰ ਲਈ ਰਜਿਸਟਰ ਕੀਤਾ ਹੈ। ਸਰਕਾਰ ਦਾ ਟੀਚਾ ਸਾਰੇ 30 ਕਰੋੜ ਵਿਦਿਆਰਥੀਆਂ ਨੂੰ ਵੱਡੀ ਗਿਣਤੀ ਦੇ ਘੇਰੇ ਵਿੱਚ ਲਿਆਉਣਾ ਹੈ।
ਸਿੱਖਿਆ ਮੰਤਰਾਲੇ ਨੇ ਸਾਰੇ ਰਾਜਾਂ ਦੇ ਸਕੱਤਰਾਂ ਨੂੰ ਪੱਤਰ ਲਿਖ ਕੇ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਵੱਡੇ ਪੱਧਰ ‘ਤੇ ਰਜਿਸਟ੍ਰੇਸ਼ਨ ਕਰਨ ਦੀ ਅਪੀਲ ਕੀਤੀ ਹੈ। ਨਵੀਂ ਸਿੱਖਿਆ ਨੀਤੀ-2020 ਵਿੱਚ ਇੱਕ ਨਿਰਦੇਸ਼ ਹੈ ਕਿ ਸਕੂਲ, ਉੱਚ ਸਿੱਖਿਆ ਅਤੇ ਹੁਨਰ ਦੇ ਤਿੰਨੋਂ ਖੇਤਰਾਂ ਦੇ ਵਿਦਿਆਰਥੀਆਂ ਦਾ ਡੇਟਾ ਇੱਕ ਪਲੇਟਫਾਰਮ ‘ਤੇ ਹੋਣਾ ਚਾਹੀਦਾ ਹੈ।
ਅਪਾਰ ਆਈਡੀ ਨੂੰ ਆਧਾਰ ਨੰਬਰ ਰਾਹੀਂ ਜਾਰੀ ਕੀਤਾ ਜਾਵੇਗਾ। ਇਸ ਨੂੰ ਸਕੂਲਾਂ ਅਤੇ ਕਾਲਜਾਂ ਰਾਹੀਂ ਹੀ ਬਣਾਇਆ ਜਾਵੇਗਾ। ਮਾਪਿਆਂ/ਸਰਪ੍ਰਸਤਾਂ ਦੀ ਸਹਿਮਤੀ ਵੀ ਲਈ ਜਾਵੇਗੀ ਕਿਉਂਕਿ ਇਸ ਦਾ ਡਾਟਾ ਸਿੱਖਿਆ ਨਾਲ ਸਬੰਧਤ ਵਿਭਾਗਾਂ ਅਤੇ ਸੰਸਥਾਵਾਂ ਨਾਲ ਸਾਂਝਾ ਕੀਤਾ ਜਾਵੇਗਾ। ਇਸ ਤਹਿਤ ਬੱਚਿਆਂ ਦੀ ਆਧਾਰ ਵੈਰੀਫਿਕੇਸ਼ਨ ਕੀਤੀ ਜਾਵੇਗੀ। ਅਪਾਰ ਨਾਲ ਸਬੰਧਤ ਰਿਕਾਰਡ ਡਿਜੀਲੌਕਰ ਵਿੱਚ ਉਪਲਬਧ ਹੋਣਗੇ।