ਹੋ ਜਾਓ ਸਾਵਧਾਨ! PUC ਹੋ ਗਈ ਹੈ ਖਤਮ ਤਾਂ ਹੁਣ ਪੈਟਰੋਲ ਪੰਪਾਂ ਕੱਟੇਗਾ 10 ਹਜ਼ਾਰ ਰੁਪਏ ਦਾ ਚਾਲਾਨ
ਨਵੀਂ ਦਿੱਲੀ, 14 ਮਾਰਚ (ਡੇਲੀ ਪੋਸਟ ਪੰਜਾਬੀ)- ਜੇਕਰ ਤੁਹਾਡੇ ਵਾਹਨਾਂ ਦਾ ਪ੍ਰਦੂਸ਼ਣ ਅੰਡਰ ਕੰਟਰੋਲ (PUC) ਸਰਟੀਫਿਕੇਟ ਨਹੀਂ ਹੈ ਤਾਂ ਹੁਣ ਬਚ ਨਹੀਂ ਸਕੋਗੇ। ਟਰਾਂਸਪੋਰਟ ਵਿਭਾਗ ਨੇ ਅਜਿਹੇ ਵਾਹਨਾਂ ਦੇ ਚਾਲਾਨ ਕੱਟਣ ਲਈ ਦਿੱਲੀ ਵਿਚ ਹਰ ਜ਼ਿਲ੍ਹੇ ਦੇ 2-3 ਪੈਟਰੋਲ ਪੰਪਾਂ ‘ਤੇ ਪੀਯੂਸੀ ਸਰਟੀਫਿਕੇਟ ਜਾਂਚਣ ਲਈ ਕੈਮਰੇ ਲਗਾਏ ਗਏ ਹਨ। ਸੀਸੀਟੀਵੀ ਕੈਮਰੇ ਨਾਲ ਵਾਹਨਾਂ ਦੀ ਨੰਬਰ ਪਲੇਟ ਦੀ ਤਸਵੀਰ ਖਿੱਚੀ ਜਾਂਦੀ ਹੈ। ਕੈਮਰੇ ਗੱਡੀ ਦੀ ਨੰਬਰ ਪਲੇਟ ਨੂੰ ਪੜ੍ਹਕੇ ਹੀ ਪਤਾ ਲਗਾਉਣਗੇ ਕਿ ਤੁਹਾਡੀ ਗੱਡੀ ਦਾ ਪੀਯੂਸੀ ਸਰਟੀਫਿਕੇਟ ਵੈਲਿਡ ਹੈ ਜਾਂ ਨਹੀਂ। ਜੇਕਰ ਤੁਹਾਡਾ ਸਰਟੀਫਿਕੇਟ ਵੈਧ ਨਹੀਂ ਹੈ ਤਾਂ ਤੁਹਾਡੇ ਫੋਨ ‘ਤੇ ਇਕ ਮੈਸੇਜ ਆਏਗਾ ਕਿ ਇਹ ਵੈਲਿਡ ਨਹੀਂ ਹੈ। ਇਸ ਨੂੰ ਬਣਵਾ ਲਓ। ਜੇਕਰ ਤੁਸੀਂ ਨਹੀਂ ਬਣਵਾਇਆ ਤਾਂ 3 ਘੰਟੇ ਅੰਦਰ ਤੁਹਾਡਾ 10,000 ਰੁਪਏ ਦਾ ਚਾਲਾਨ ਕੱਟ ਦਿੱਤਾ ਜਾਵੇਗਾ।
ਟਰਾਂਸਪੋਰਟ ਵਿਭਾਗ ਨੇ ਗੱਡੀਆਂ ਦੇ ਵੈਧ ਪੀਯੂਸੀ ਸਰਟੀਫਿਕੇਟ ਨਾ ਹੋਣ ‘ਤੇ ਈ-ਚਾਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਚਾਲਾਨ ਦੀ ਜਾਣਕਾਰੀ ਦਾ ਮੈਸੇਜ ਸਿੱਧੇ ਫੋਨ ਉਤੇ ਆ ਰਿਹਾ ਹੈ। ਦਿੱਲੀ ਦੇ ਲਗਭਗ 11 ਜ਼ਿਲ੍ਹਿਆਂ ਵਿਚ 2 ਪੈਟਰੋਲ ਪੰਪ ਅਜਿਹੇ ਹਨ ਜਿਥੇ ਕੈਮਰਿਆਂ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਕੁਝ ਜ਼ਿਲ੍ਹਿਆਂ ਵਿਚ 3 ਪੈਟਰੋਲ ਪੰਪਾਂ ਨੂੰ ਚੁਣਿਆ ਗਿਆ ਹੈ।
ਦੱਸ ਦੇਈਏ ਕਿ ਇਕ ਮਹੀਨੇ ਵਿਚ ਪੈਟਰੋਲ ਪੰਪਾਂ ‘ਤੇ ਆਉਣ ਵਾਲੇ 88,347 ਵਾਹਨਾਂ ਦੀ ਪੀਯੂਸੀ ਦੀ ਜਾਂਚ ਕੀਤੀ ਗਈ ਜਿਸ ਤੋਂ ਪਤਾ ਲੱਗਾ ਕਿ 20,942 ਵਾਹਨ ਵੈਧ ਪੀਯੂਸੀ ਤੋਂ ਬਿਨਾਂ ਪਾਏ ਗਏ ਹਨ। 5000 ਡਰਾਈਵਰਾਂ ਦੇ ਚਾਲਾਨ ਭੇਜੇ ਗਏ ਹਨ। ਮੈਸੇਜ ਭੇਜਣ ਦੇ ਬਾਅਦ ਦੇਖਿਆ ਗਿਆ ਕਿ 15,740 ਵਾਹਨ ਚਾਲਕਾਂ ਦੇ 2 ਘੰਟਿਆਂ ਦੇ ਅੰਦਰ ਹੀ PUC ਸਰਟੀਫਿਕੇਟ ਬਣਾ ਲਏ ਪਰ ਵਿਭਾਗ ਨੇ ਸਰਟੀਫਿਕੇਟ ਨਾ ਹੋਣ ਵਾਲੇ ਡਰਾਈਵਰਾਂ ਖਿਲਾਫ 5202 ਮੋਬਾਈਲਾਂ ਉਤੇ 10,000 ਦੇ ਚਾਲਾਨ ਭੇਜ ਦਿੱਤੇ।
ਟਰਾਂਸਪੋਰਟ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ 25 ਪੈਟਰੋਲ ਪੰਪਾਂ ਦੀ ਲੋਕੇਸ਼ਨ ਨੂੰ ਨਹੀਂ ਦੱਸਿਆ ਜਾਵੇਗਾ ਕਿਉਂਕਿ ਜੇਕਰ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਉਹ ਉਥੇ ਨਹੀਂ ਆਉਣਗੇ। ਇਸ ਵਜ੍ਹਾ ਨਾਲ ਪੈਟਰੋਲ ਪੰਪ ਮਾਲਕਾਂ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਪੈਟਰੋਲ ਪੰਪ ਮਾਲਕਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਲੋਕੇਸ਼ਨ ਨੂੰ ਉਜਾਗਰ ਨਹੀਂ ਕੀਤਾ ਜਾਵੇਗਾ।