ਹੜ੍ਹਾਂ ਸਬੰਧੀ ਡੀ.ਸੀ. ਫਰੀਦਕੋਟ ਨੇ ਨਵੇਂ ਦਿਸ਼ਾ ਨਿਰਦੇਸ਼ ਕੀਤੇ ਜਾਰੀ
* ਸਮੂਹ ਵਿਭਾਗ ਮੁੱਖੀਆਂ ਨੂੰ ਹਰ ਸਮੇਂ ਚੌਕਸ ਰਹਿਣ ਦੇ ਹੁਕਮ ਕੀਤੇ ਜਾਰੀ
* ਜਿਲ੍ਹਾਂ ਵਾਸੀਆਂ ਨੂੰ ਹੜ੍ਹ ਕੰਟਰੋਲ ਨੰਬਰ (01639-250338) ਤੇ ਤੁਰੰਤ ਸੂਚਨਾ ਦੇਣ ਦੀ ਕੀਤੀ ਅਪੀਲ
ਫ਼ਰੀਦਕੋਟ, 10 ਜੁਲਾਈ (ਪੰਜਾਬ ਡਾਇਰੀ)- ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਅੱਜ ਸੂਬੇ ਦੇ ਹੋਰ ਜਿਲ੍ਹਿਆਂ ਵਿੱਚ ਪਾਣੀ ਦੇ ਵੱਧ ਰਹੇ ਪੱਧਰ ਨੂੰ ਦੇਖਦਿਆਂ ਨਵੇਂ ਹੁਕਮ ਜਾਰੀ ਕਰਦੇ ਹੋਏ ਜਿਲ੍ਹੇ ਦੇ ਸਮੂਹ ਅਧਿਕਾਰੀਆਂ ਨੂੰ ਹਰ ਸਮੇਂ ਚੌਕਸ ਰਹਿਣ ਅਤੇ ਆਪਣਾ ਸਟੇਸ਼ਨ ਨਾ ਛੱਡਣ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਕਰਯੋਗ ਹੈ ਕਿ ਜਿਲ੍ਹੇ ਵਿੱਚ ਭਾਰੀ ਬਾਰਿਸ਼ ਹੋਣ ਤੇ ਸਥਿਤੀ ਨਾਲ ਨਜਿੱਠਣ ਲਈ ਅਤੇ ਬਾਰਸ਼ਾਂ ਕਾਰਨ ਹੋਏ ਨੁਕਸਾਨ ਅਤੇ ਉਸਦੇ ਮੁਆਵਜ਼ੇ ਸਬੰਧੀ ਸਮੇਂ ਸਿਰ ਸਰਕਾਰ ਨੂੰ ਰਿਪੋਰਟ ਭੇਜਣ ਦੀ ਕੰਮ ਨੂੰ ਮੁੱਖ ਰੱਖਦਿਆਂ ਇਹ ਹੁਕਮ ਜਾਰੀ ਕੀਤੇ ਗਏ ਹਨ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਸਮੂਹ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਉਨ੍ਹਾਂ ਨੂੰ ਬਾਰਿਸ਼ ਕਾਰਨ ਕਿਸੇ ਕਿਸਮ ਦੀ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਫਰੀਦਕੋਟ ਵਿਖੇ ਸਥਾਪਿਤ ਹੜ੍ਹ ਕੰਟਰੋਲ ਰੂਮ ਜਿਸ ਦਾ ਨੰਬਰ 01639-250338 ਹੈ, ਤੇ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮੋਬਾਇਲ ਨੰਬਰਾਂ 96464-80016 ਅਤੇ 90413-55996 ਤੇ ਕਿਸੇ ਵੀ ਸਮੇਂ ਪਾਣੀ ਦੇ ਪੱਧਰ ਦੇ ਵਾਧੇ ਦੀ ਫੋਟੋ ਅਤੇ ਸ਼ਿਕਾਇਤ ਵੱਟਸਅੱਪ ਕੀਤੀ ਜਾ ਸਕਦੀ ਹੈ।