ਹੜ੍ਹ ਪੀੜਤਾਂ ਦੀ ਮਦਦ ਲਈ ਰਾਧਾ ਸੁਆਮੀ ਸਤਿਸੰਗ ਬਿਆਸ ਵਲੋਂ CM ਰਾਹਤ ਫੰਡ ’ਚ ਦਿਤੀ ਗਈ 2 ਕਰੋੜ ਰੁਪਏ ਰਾਸ਼ੀ
ਚੰਡੀਗੜ੍ਹ, 16 ਅਗਸਤ (ਰੋਜਾਨਾ ਸਪੋਕਸਮੈਨ)- ਪੰਜਾਬ ਦੇ ਹੜ੍ਹ ਪ੍ਰਭਾਵਤ ਲੋਕਾਂ ਦੀ ਮਦਦ ਲਈ ਲਗਾਤਾਰ ਲੋਕ ਅੱਗੇ ਆ ਰਹੇ ਹਨ। ਇਸ ਦੇ ਚਲਦਿਆਂ ਅੱਜ ਰਾਧਾ ਸੁਆਮੀ ਸਤਿਸੰਗ ਬਿਆਸ ਵਲੋਂ 2 ਕਰੋੜ ਰੁਪਏ ਦੀ ਮਦਦ ਰਾਸ਼ੀ ਮੁੱਖ ਮੰਤਰੀ ਰਾਹਤ ਫੰਡ ਲਈ ਦਿਤੀ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਮਾਨਵਤਾ ਦੀ ਸੇਵਾ ਲਈ ਸਹਿਯੋਗ ਦੇਣ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮਦਦ ਨਾਲ ਅਸੀਂ ਲਗਾਤਾਰ ਅੱਗੇ ਵਧ ਰਹੇ ਹਾਂ ਅਤੇ ਹੜ੍ਹ ਪ੍ਰਭਾਵਤ ਲੋਕਾਂ ਦੀ ਮਦਦ ਲਈ ਸਰਕਾਰ ਵਚਨਬੱਧ ਹੈ।
ਉਧਰ ਭਾਰੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਵੀ ਹਾਲਾਤ ਵਿਗੜੇ ਹਨ। ਰਾਧਾ ਸੁਆਮੀ ਸਤਿਸੰਗ ਬਿਆਸ ਦੇ ਨੁਮਾਇੰਦੇ ਏ.ਵੀ.ਐਮ. (ਸੇਵਾਮੁਕਤ) ਡੀ.ਐਸ. ਗੁਰਮ ਅਤੇ ਖੇਤਰੀ ਸਕੱਤਰ ਸੁਨੀਲ ਤਲਵਾਰ ਨੇ ਸ਼ਿਮਲਾ ਵਿਚ ਆਫ਼ਤ ਰਾਹਤ ਫੰਡ ਲਈ 2 ਕਰੋੜ ਰੁਪਏ ਦਾ ਚੈਕ ਭੇਟ ਕੀਤਾ। ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਇਸ ਯੋਗਦਾਨ ਲਈ ਮੈਂ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਧੰਨਵਾਦ ਕਰਦਾ ਹਾਂ। ਅਜਿਹੇ ਯੋਗਦਾਨ ਪੀੜਤਾਂ ਦੀ ਉਨ੍ਹਾਂ ਦੇ ਦੁੱਖ ਦੀ ਘੜੀ ਵਿਚ ਮਦਦ ਕਰਨ ਵਿਚ ਬਹੁਤ ਮਦਦਗਾਰ ਸਾਬਤ ਹੋਣਗੇ।