ਇਕ ਸੰਤ ਸਾਡੇ ਸਮਿਆਂ ਦਾ
ਹੜ-ਪੀੜਤਾਂ ਲਈ ਕਰੋੜਾਂ ਦੀ ਰਾਸ਼ੀ ਲੈ ਬੌਹੜਿਆ ਉਬਰਾਏ ਤੇ ਤਿੰਨ ਪੜਾਅ ਦੀ ਯੋਜਨਾ ਤਿਆਰ ਕਰ ਲਈ ਸਰਦਾਰ ਨੇ

ਡਾ ਸੁਰਿੰਦਰਪਾਲ ਸਿੰਘ ਉਬਰਾਏ ਸਾਡੇ ਸਮਕਾਲ ਦੇ ਯੁੱਗ-ਪੁਰਸ਼ ਹੋ ਨਿਬੜੇ ਹਨ ਮੈਂ ਉਨਾਂ ਦਾ ਕਦਰਦਾਨ ਵੀ ਹਾਂ , ਪ੍ਰਸੰਸਕ ਵੀ ਤੇ ਗਵਾਹ ਵੀ । ਉਨਾਂ ਦੇ ਕਾਰਜਾਂ ਦੀ ਫਹਰਿਸਤ ਐਨੀ ਲੰਮੀ ਹੈ ਕਿ ਇੱਥੇ ਉਸਦਾ ਜ਼ਿਕਰ ਕਰਨਾ ਨ-ਮੁਮਕਿਨ ਹੈ । ਪਾਕਿਸਤਾਨ ਤੋਂ ਉਜੜਕੇ ਆਏ ਸਧਾਰਨ ਪਰਿਵਾਰ ਦਾ ਇਹ ਫਰਜੰਦ ਆਪਣੇ ਸਮੇਂ ਵਿੱਚ ਆਪਣੀ ਕੁਲ, ਧਰਮ ਅਤੇ ਖ਼ਿਤੇ ਦੇ ਨਾਮ ਨੂੰ ਚਹੁੰ-ਕੂੰਟਾਂ ਵਿਚ ਪਹੁੰਚਾ ਦੇਵੇਗਾ , ਸ਼ਾਇਦ ਇਹ ਕਿਸੇ ਦੇ ਵੀ ਚੇਤਿਆ ਦਾ ਭਾਗ ਨਹੀਂ ਹੋਵੇਗਾ । ਅਮੀਰਾਨਾ ਬਾਦਸ਼ਾਹਤ ਤੇ ਬਹੁਤਿਆਂ ਕੋਲ ਆ ਜਾਂਦੀ ਹੈ ਪਰ ਦਿਲ ਦੀ ਬਾਦਸ਼ਾਹਤ ਕਿਸੇ ਵਿਰਲੇ ਦੇ ਮਸਤਕ ਦਾ ਭਾਗ ਬਣਦੀ ਹੈ ।
ਇਹ ਵੀ ਪੜ੍ਹੋ- GST: ਕਾਰਾਂ, ਮੋਬਾਈਲ ਫੋਨ, ਕੱਪੜਿਆਂ, ਜੁੱਤੀਆਂ ‘ਤੇ ਕਿੰਨਾ GST ਲਗਾਇਆ ਜਾਵੇਗਾ, ਪੂਰੀ ਸੂਚੀ ਦੇਖੋ
‘ ਤੋਹੀ ਮੋਹੀ ਮੋਹੀ ਤੋਹੀ’ ਦਾ ਮਾਰਗ ਬਹੁਤ ਬਿਖੜਾ ਹੈ । ਪਾਰ ਮੰਡਲਾਂ ਦੀ ਇਹ ਸਾਧਨਾ ਕਿਸੇ ਦੇ ਮਸਤਕ ਦਾ ਭਾਗ ਬਣ ਕਦ ਉਸ ਨੂੰ ਸਰਬ ਸਮਿਆਂ ਲਈ ਅਮਰ ਕਰ ਦੇਵੇ , ਕੋਈ ਨਹੀਂ ਜਾਣ ਸਕਦਾ । ਇਸ ਨੂੰ ਅਕਾਲ ਪੁਰਖ ਦੀ ਬਖਸ਼ਿਸ਼ ਮੰਨ ਸਿਰ ਝੁਕਾ ਦੇਣਾ ਚਾਹੀਦਾ ਹੈ , ਪਰ ਮੈਂ ਇਹ ਗਲ ਦਾਅਵੇ ਨਾਲ ਕਹਿ ਸਕਦਾ ਕਿ ਐਸ ਪੀ ਐਸ ਓਬਰਾਏ ‘ ਤੇ ਉਹ ਰਹਿਮਤੇ ਬਖਸ਼ਿਸ਼ ਹੋ ਚੁੱਕੀ ਹੈ।
ਅਰਬ ਦੇਸ਼ਾਂ ਵਿੱਚ ਮੌਤ ਦੇ ਮੂੰਹ ਚੋਂ ਸੈਕੜੇਂ ਲੋਕਾਂ ਨੂੰ ਮੁੜ ਜਿੰਦਗੀ ਵਲ ਲੈ ਆਉਣ ਦਾ ਪਹਿਲਾਂ ਕਾਰਜ ਕਰ ਉਸਨੇ ਸੰਸਾਰ ਭਰ ਦੇ ਬਸਿੰਦਿਆਂ ਸਾਹਮਣੇ ਪੱਗ ਦੇ ਕਰਤੱਵ ਅਤੇ ਪੱਗ ਦੀ ਨੈਤਿਕਤਾ ਨੂੰ ਪੁਨਰ ਚੇਤਿਆ ਦਾ ਭਾਗ ਬਣਾ ਆਪਣੇ ਵਡੇਰਿਆਂ ਦੇ ਮਾਣ-ਮੱਤੇ ਇਤਿਹਾਸਕ ਪਿਛੋਕੜ ਨੂੰ ਪੁਨਰ ਸੁਰਜੀਤ ਕਰ ਦਿਤਾ ਸੀ ।
ਤੇ ਨਾਲ ਦੀ ਨਾਲ ਪਾਤਸ਼ਾਹ ‘ਨਾਨਕ ਦੇ ਨਾਦੀ ਪੁਤਰ ਹੋਣ ਦੀ ਦਾਅਵੇਦਾਰੀ ‘ ਦਾ ਪ੍ਰਚਮ ਲਹਿਰਾ ਸਿਧ ਕਰ ਦਿਤਾ ਸੀ ਕਿ ‘ ਦਾਅਵਾ ਕਰਨ ਤੇ ਦਾਅਵੇਦਾਰ ਹੋਣ ਚ ਹਜਾਰਾਂ ਲੱਖਾਂ ਕੋਹਾਂ ਦਾ ਫਰਕ ਹੁੰਦਾ ਹੈ ‘
ਦਾਅਵੇਦਾਰੀ ਦਾ ਬਿਰਧ ਪਾਲਣਾ ਕੋਈ ਸਹਿਜ ਪ੍ਰਕਿਰਿਆ ਨਹੀਂ ਹੁੰਦੀ । ਇਸ ਕਾਰਜ ਨੂੰ ‘ ਜਿਨ ਪ੍ਰੇਮ ਦੀ ਗਲੀ ਦੇ ਵਿੱਚ ਲੰਘਣਾ ਤਲੀ ਤੇ ਆਵੇ ਸੀਸ ਧਰਕੇ ‘ ਰਾਹੀਂ ਸਮਝਿਆ ਵੀ ਜਾ ਸਕਦਾ ਹੈ ਤੇ ਸਮਝਾਇਆ ਵੀ ਜਾ ਸਕਦਾ ਹੈ ।
ਭਲਾ ਜਿੰਦਗੀ ਅਤੇ ਮੌਤ ਨੂੰ ਇਕੋ ਜਿਹਾ ਸਮਝਣ ਦਾ ਰਸਤਾ ਕਦੇ ਸਹਿਜ ਹੁੰਦਾ । ਇਹ ਤੇ ਆਪਾ ਵਾਰਨ ਦਾ ਅਜਿਹਾ ਬਿਖੜਾ ਮਾਰਗ ਸੀ ਜਿਸ ਤੇ ਪਲ ਪਲ ਡੋਲਣ ਦੀ ਸੰਭਾਵਨਾਵਾਂ ਕਾਇਮ ਰਹਿੰਦੀਆਂ ਹਨ ।
ਰਿਸ਼ਤਿਆਂ ਦੀ ਪੀਂਢੀ ਗੰਢ , ਪੁਤਰੀ ਕੌਲ ਪਾਲਣ ਦੀ ਸੰਸਾਰਿਕ ਬਿਰਤੀ, ਭਾਵਕ ਭਾਵਨਾਵਾਂ ਵਾਲੇ ਰਿਸ਼ਤਿਆਂ ਦੀਆਂ ਨਾਰਾਜ਼ਗੀਆਂ । ਉਨਾਂ ਦੀਆਂ ਰੋਸ ਤੇ ਰੋਹ ਨਾਲ ਭਰੀਆਂ ਅੱਖਾਂ , ਸਭ ਕੁਝ ਨਾਲ ਨਾਲ ਚਲ ਰਿਹਾ ਸੀ । ਉਬਰਾਏ ਸਾਹਿਬ ਨੇ ਇਸਦਾ ਸਾਹਮਣਾ ਵੀ ਕੀਤਾ ਪਰ ਉਹ ਤੇ ਹੁਣ ਕਿਤੇ ਬਹੁਤ ਦੂਰ ਨਿਕਲ ਚੁੱਕਾ ਸੀ ਇਸ ਸਾਰੇ ਕੁਝ ਤੋਂ , ਤੇ ਫਿਰ ਹੁਣ ਵਾਪਸ ਮੁੜਿਆ ਵੀ ਕਿਵੇਂ ਜਾ ਸਕਦਾ ਸੀ । ਆਪਣੇ ਕੀਤੇ ਕੌਲ ਨਾਲ ਨਿਬਹਣ ਦੇ ਸੰਕਲਪ ਨੂੰ ਹੀ ਤੇ ਸੂਰਮਗਤੀ ਕਿਹਾ ਜਾਂਦਾ ਹੈ ਤੇ ਉਬਰਾਏ ਇਸਦਾ ਪੱਲਾ ਭਲਾ ਛੱਡ ਵੀ ਕਿਵੇਂ ਸਕਦਾ ਸੀ ।
ਇਹ ਵੀ ਪੜ੍ਹੋ- IPL ਜਿੱਤਣ ਤੋਂ ਬਾਅਦ ਹਾਦਸੇ ‘ਤੇ ਵਿਰਾਟ ਕੋਹਲੀ ਦਾ ਪਹਿਲਾ ਬਿਆਨ, ਆਖੀਆਂ ਇਹ ਗੱਲਾਂ
ਸੋ ਭਾਈ ਘਨੱਈਆ ਦੀਆਂ ਪੈੜਾਂ ਚ ਪੈੜ ਪਾ ਤੁਰਨ ਦਾ ਉਸ ਤਹੱਈਆ ਕਰ ਲਿਆ ਸੀ ‘ ਦੂਸਰ ਨਾਹਨਿ ਕੋਇ ‘ ਦਾ ਅਜੱਪਾ-ਜਾਪ ਕਰਦੇ ਹੋਏ ਉਬਰਾਏ ਨੇ ਆਪਣੇ ਆਲੇ ਦੁਆਲੇ ਦੀ ਹਰ ਵਲਗਣ ਤੇ ਹਰ ਬੰਦਿਸ਼ ਹੀ ਤੋੜ ਸੁਟੀ ਸੀ । ਮੈਂ ਤੇ ਮੇਰੀ ਤੋਂ ਪਾਰ ਹੋ ਉਹ ਲੋਕਾਈ ਦਾ ਤੇ ਲੋਕਾਈ ਉਸ ਦੀ ਹੋ ਗਈ ਸੀ ।
ਹੁਣ ਉਬਰਾਏ ਕੌਣ ਨਾਲੋਂ ਉਬਰਾਏ ਕੀ ਜਾਨਣ ਦੀ ਜਿਗਿਆਸਾ ਕੀਤੇ ਵੱਧ ਪ੍ਰਬਲ ਹੋ ਗਈ ਸੀ । ਲੋਕ ਉਸਨੂੰ ਜਾਨਣਾ ਚਾਹੁੰਦੇ ਸਨ ਪਰ ਮਸਲਾ ਤੇ
‘ ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀ ਜਾਣੇ ‘ ਦਾ ਸੀ ਤੇ ਫਿਰ ਕੀ ਤੇ ਕਿਉੰ ਨੂੰ ਜਾਨਣ ਦੀ ਜਿਗਿਆਸਾ ਚ ਵਕਤ ਖਰਾਬ ਕਰਨਾ ਹੀ ਕਿਉੰ ਸੀ ਤੇ ਲੋਕਾਈ ਵੀ ਇਸ ਵਲਗਣ ਨੂੰ ਉਲੰਘ ਉਸਨੂੰ ਮੁਹੱਬਤ ਕਰਨ ਲਗ ਪਈ ਸੀ ।
ਚਲਦਾ
-(ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


