ਹੰਸ ਫਾਊਡੇਸ਼ਨ ਦੇ ਸਹਿਯੋਗ ਨਾਲ ਮੋਬਾਇਲ ਮੈਡੀਕਲ ਵੈਨਾਂ ਰਾਹੀ ਲੋਕਾਂ ਨੂੰ ਪਹੁੰਚਾਈਆਂ ਜਾਣਗੀਆਂ ਸਿਹਤ ਸਹੂਲਤਾਂ
ਫਰੀਦਕੋਟ, 15 ਸਤੰਬਰ (ਪੰਜਾਬ ਡਾਇਰੀ)-ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਦੇ ਉਦਮ ਸਦਕਾ ਜਿਲ੍ਹਾ ਫਰੀਦਕੋਟ ਵਿਖੇ ਹੰਸ ਫਾਊਡੇਸ਼ਨ ਦੇ ਸਹਿਯੋਗ ਨਾਲ ਪੰਜ ਮੋਬਾਇਲ ਮੈਡੀਕਲ ਵੈਨਾਂ ਰਾਹੀਂ ਲੋਕਾਂ ਨੂੰ ਸਮੁਦਾਇਕ ਪੱਧਰ ਤੇ ਸਿਹਤ ਸੇਵਾਵਾਂ ਪਹੁੰਚਾਉਣ ਦਾ ਉਪਰਾਲਾ ਆਰੰਭਿਆ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨੋਡਲ ਅਫਸਰ ਡਾ. ਪਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਮਿਤੀ 16-09-2023 ਨੂੰ ਸਿਵਲ ਹਸਪਤਾਲ ਕੋਟਕਪੂਰਾ ਤੋਂ ਪੰਜ ਮੋਬਾਇਲ ਵੈਨਾਂ ਨੂੰ ਸਪੀਕਰ ਸ. ਸੰਧਵਾਂ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ।
ਇਸ ਮੌਕੇ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਅਤੇ ਵਿਧਾਇਕ ਜੈਤੋ ਸ. ਅਮੋਲਕ ਸਿੰਘ ਵੀ ਸਮੂਲੀਅਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਫਰੀਦਕੋਟ, ਕੋਟਕਪੂਰਾ, ਜੈਤੋਂ ਦੇ ਨਾਲ ਨਾਲ ਇਨ੍ਹਾਂ ਵੈਨਾਂ ਰਾਹੀ ਬਲਾਕ ਬਾਜਾਖਾਨਾ ਅਤੇ ਜੰਡ ਸਾਹਿਬ ਦੇ ਪਿੰਡਾਂ ਦਾ ਦੌਰਾ ਵੀ ਕੀਤਾ ਜਾਵੇਗਾ। ਹਰੇਕ ਵੈਨ ਦੁਆਰਾ ਇੱਕ ਦਿਨ ਵਿੱਚ ਸ਼ਹਿਰੀ ਖੇਤਰ ਵਿੱਚ ਦੋ ਏਰੀਏ ਅਤੇ ਪੇਂਡੂ ਖੇਤਰ ਵਿੱਚ ਦੋ ਪਿੰਡ ਕਵਰ ਕੀਤੇ ਜਾਣਗੇ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਵੈਨਾਂ ਰਾਹੀਂ ਰੋਜਾਨਾ ਦੌਰਾ ਕਰਕੇ ਉਨ੍ਹਾਂ ਖੇਤਰ ਵਿਚ ਵੀ ਮੈਡੀਕਲ ਚੈਕਅੱਪ ਕੈਂਪ ਲਗਾਏ ਜਾਣਗੇ, ਜਿਨ੍ਹਾਂ ਖੇਤਰਾਂ ਵਿੱਚ ਘੱਟ ਸਿਹਤ ਸਹੂਲਤਾਵਾਂ ਉਪਲਬੱਧ ਹਨ। ਉਨ੍ਹਾਂ ਕਿਹਾ ਇਸ ਮੈਡੀਕਲ ਟੀਮ ਵਿੱਚ ਇੱਕ ਡਾਕਟਰ, ਫਾਰਮਾਸਿਸਟ,ਲੈਬ ਟੈਕਨੀਸ਼ੀਅਨ, ਸਪੈਸ਼ਲ ਪ੍ਰੋਗਰਾਮ ਅਫਸਰ ਅਤੇ ਡਰਾਈਵਰ ਸ਼ਾਮਿਲ ਹੋਣਗੇ। ਇੱਥੇ ਵਰਨਣਯੋਗ ਹੈ ਕਿ ਉਕਤ ਮੈਡੀਕਲ ਟੀਮਾਂ ਵੱਲੋਂ ਮੈਡੀਕਲ ਜਾਂਚ, ਮੈਡੀਕਲ ਟੈਸਟ ਕਰਨ ਦੇ ਨਾਲ ਨਾਲ ਮੁਫਤ ਦਵਾਈਆਂ ਵੀ ਲੋੜਵੰਦਾਂ ਨੂੰ ਦਿੱਤੀਆ ਜਾਣਗੀਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਦੇ ਨਾਲ ਹੀ ਇਨ੍ਹਾਂ ਦੋਨਾਂ ਰਾਹੀਂ ਲੋਕਾਂ ਨੂੰ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਲੋਕ ਸਿਹਤ ਸਹੂਲਤਾਂ ਨੂੰ ਪ੍ਰਾਪਤ ਕਰ ਸਕਣ।