‘ਜ਼ਹਿਰੀਲਾ ਪਾਣੀ ਸਤਲੁਜ ’ਚ ਸੁੱਟਣ ਖਿਲਾਫ਼ ਡਟੇ ਵਾਤਾਵਰਣ ਪ੍ਰੇਮੀ’
ਫੈਕਟਰੀਆਂ ਦੇ ਜ਼ਹਿਰੀਲੇ ਪਾਣੀ ਨਾਲ ਮਾਲਵੇ ਅਤੇ ਰਾਜਸਥਾਨ ਦੇ ਲੋਕਾਂ ਦੀ ਹੋ ਰਹੀ ਹੈ ਨਸ਼ਲਕੁਸ਼ੀ : ਚੰਦਬਾਜਾ
ਚਿੰਤਕਾਂ, ਵਾਤਾਵਰਣ ਪੇ੍ਰਮੀਆਂ ਅਤੇ ਪੱਤਰਕਾਰਾਂ ਨੇ ਕੀਤਾ ਪ੍ਰਭਾਵਿਤ ਸਥਾਨਾ ਦਾ ਦੌਰਾ
ਕੋਟਕਪੂਰਾ, 7 ਅਪ੍ਰੈਲ :- ਬੁੱਢੇ ਨਾਲੇ ਦੇ ਜਹਿਰੀਲੇ ਪਾਣੀ ਨੂੰ ਸਤਲੁਜ ਦਰਿਆ ’ਚ ਸੁੱਟਣ ਤੋਂ ਰੋਕਣ ਲਈ ਵਾਤਾਵਰਣ ਪ੍ਰੇਮੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਬੁੱਢੇ ਨਾਲੇ ਦੇ ਵੱਖ- ਵੱਖ ਥਾਵਾਂ ਜਮਾਲਪੁਰ ਨੇੜੇ ਸੈਂਟਰਲ ਜੇਲ, ਕਾਸਾਬਾਦ, ਲਾਡੋ ਰੋਡ ਕੋਲ ਦਰਿਆ ਦੇ ਬੰਨ ਦੇ ਅੰਦਰ ਲਾਈ ਹੱਡਾਰੋੜੀ, ਗੋਸਪੁਰ ਅਤੇ ਵਲੀਪੁਰ ਜਿੱਥੇ ਸਤਲੁਜ ਅਤੇ ਬੁੱਢੇ ਨਾਲੇ ਦਾ ਸੁਮੇਲ ਹੁੰਦਾ ਹੈ, ਉਹਨਾਂ ਥਾਵਾਂ ਦਾ ਦੌਰਾ ਕਰਦਿਆਂ ਸਥਾਨਕ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਸਮੇਂ ਦੀਆਂ ਸਰਕਾਰਾਂ ਦੀ ਅਣਗਹਿਲੀ ਅਤੇ ਅਫਸਰਸ਼ਾਹੀ ਦੀ ਜਿਆਦਤੀ ਖਿਲਾਫ ਬੋਲਦਿਆਂ ਵੱਖ ਵੱਖ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੇ ਕਿਹਾ ਕਿ ਬੁੱਢੇ ਨਾਲੇ ਨੂੰ ਪ੍ਰਦੂਸ਼ਿਤ ਕਰਨ ਤੋਂ ਰੋਕਣ ਲਈ ਵੱਖ ਵੱਖ ਕਾਰਖਾਨਿਆਂ ਸਮੇਤ ਛੋਟੀਆਂ ਤੇ ਵੱਡੀਆਂ ਫੈਕਟਰੀਆਂ ਦੇ ਮਾਲਕਾਂ ਅਤੇ ਅਧਿਕਾਰੀਆਂ ਦੀ ਜਿੰਮੇਵਾਰੀ ਤਹਿ ਕੀਤੀ ਜਾਵੇ, ਜੇ ਉਹ ਆਪਣਾ ਕੰਮ ਇਮਾਨਦਾਰੀ ਨਾਲ ਨਹੀਂ ਕਰਦੇ ਤਾਂ ਉਹਨਾਂ ਫੈਕਟਰੀਆਂ ਦੇ ਮਾਲਕਾਂ ਅਤੇ ਅਧਿਕਾਰੀਆਂ ’ਤੇ ਕਤਲ ਦੇ ਕੇਸ ਦਰਜ ਕੀਤੇ ਜਾਣ। ਉਕਤ ਵਫਦ ’ਚ ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਗੁਰਪ੍ਰੀਤ ਸਿੰਘ ਚੰਦਬਾਜਾ ਸੰਸਥਾਪਕ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਅਤੇ ਕਨਵੀਨਰ ਨਰੋਆ ਪੰਜਾਬ ਮੰਚ, ਫਿਲਮੀ ਅਦਾਕਾਰ ਅਮਿਤੋਜ ਮਾਨ, ਲੱਖਾ ਸਿਧਾਣਾ, ਸੀਨੀਅਰ ਪੱਤਰਕਾਰ ਹਮੀਰ ਸਿੰਘ, ਸਰਬਜੀਤ ਸਿੰਘ ਧਾਲੀਵਾਲ, ਇੰਜ. ਜਸਕੀਰਤ ਸਿੰਘ ਲੁਧਿਆਣਾ ਸਟੇਟ ਕਮੇਟੀ ਮੈਂਬਰ ਨਰੋਆ ਪੰਜਾਬ ਮੰਚ ਅਤੇ ਪੀਏਸੀ ਸਤਲੁਜ ਅਤੇ ਮੱਤੇਵਾੜਾ ਜੰਗਲ, ਇੰਜ. ਕਪਿਲ ਅਰੋੜਾ, ਡਾ. ਅਮਨਦੀਪ ਸਿੰਘ ਬੈਂਸ, ਗੁਰਿੰਦਰ ਸਿੰਘ ਕੋਟਕਪੂਰਾ, ਸੁਖਵਿੰਦਰ ਸਿੰਘ ਬੱਬੂ, ਊਧਮ ਸਿੰਘ ਔਲਖ, ਕਰਨਲ ਜਸਜੀਤ ਸਿੰਘ ਗਿੱਲ ਲੁਧਿਆਣਾ, ਸੁੱਖ ਜਗਰਾਓਂ, ਪਾਮ ਸਿੰਘ, ਸੁਰਿੰਦਰ ਸਿੰਘ ਲੌਂਗੋਵਾਲ ਆਦਿ ਸਮੇਤ ਹੋਰ ਕਈ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕਿਹਾ ਕਿ ਸਾਡਾ ਕਾਨੂੰਨ ਕਹਿੰਦਾ ਹੈ ਕਿ ਸਾਫ ਪਾਣੀ ’ਚ ਇਕ ਵੀ ਚਮਚ ਗੰਦਗੀ ਦਾ ਨਹੀਂ ਪਾ ਸਕਦੇ ਪਰ ਇਸ ਦੇ ਉਲਟ ਲੁਧਿਆਣਾ ਅਤੇ ਜਲੰਧਰ ਦੀਆਂ ਫੈਕਟਰੀਆਂ ਅਤੇ ਸੀਵਰੇਜ ਦਾ ਗੰਦਾ ਅਤੇ ਜ਼ਹਿਰੀਲਾ ਪਾਣੀ ਸਤਲੁਜ ਦਰਿਆ ’ਚ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਮਾਲਵੇ ਅਤੇ ਰਾਜਸਥਾਨ ਦੇ ਲੋਕਾਂ ਦੀ ਨਸ਼ਲਕੁਸ਼ੀ ਹੋ ਰਹੀ ਹੈ, ਜਿਸ ਕਾਰਨ ਪੰਜਾਬ ਦੀ ਧਰਤੀ ਸੂਰਬੀਰਾਂ ਯੋਧਿਆਂ ਦੀ ਥਾਂ ਬਿਮਾਰਾਂ ਦੀ ਧਰਤੀ ਬਣ ਚੁੱਕੀ ਹੈ, ਜਿੱਥੇ ਕਰੋੜਾਂ/ਅਰਬਾਂ ਰੁਪਏ ਸਿਹਤ ਸੇਵਾਵਾਂ ’ਚ ਲਾਉਣੇ ਪੈ ਰਹੇ ਹਨ। ਇਸ ਮੌਕੇ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਜਿੰਨੀ ਦੇਰ ਤੱਕ ਲੋਕ ਖੁਦ ਜਾਗਰੂਕ ਹੋ ਕੇ ਅੱਗੇ ਨਹੀਂ ਆਉਂਦੇ, ਉੱਨੀ ਦੇਰ ਤੱਕ ਸਰਕਾਰਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਣਾ। ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਉਕਤ ਪ੍ਰਦੂਸ਼ਣ ਲਈ ਅਧਿਕਾਰੀਆਂ ਦੀ ਜਿੰਮੇਵਾਰੀ ਤਹਿ ਕੀਤੀ ਜਾਵੇ। ਉਹਨਾਂ ਕਿਹਾ ਕਿ 1975 ’ਚ ਬਣੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਗੁਜਾਰੀ ’ਤੇ ਵੀ ਨਿਗਾ ਰੱਖਣ ਦੀ ਲੋੜ ਹੈ। ਫਿਲਮੀ ਅਦਾਕਾਰਾਂ ਨੇ ਕਿਹਾ ਕਿ ਬੁੱਢੇ ਨਾਲੇ ਦੀ ਸਫਾਈ ਲਈ ਸਬੰਧਤ ਅਧਿਕਾਰੀਆਂ ਨੂੰ ਸਲਾਨਾ ਕਰੋੜਾਂ ਰੁਪਏ ਤਨਖਾਹ ਦੇ ਰੂਪ ’ਚ ਦਿੱਤੇ ਜਾਂਦੇ ਹਨ। ਜੇਕਰ ਇਹ ਅਧਿਕਾਰੀ ਬਿਨਾਂ ਸੋਧਿਆਂ ਪਾਣੀ ਹੀ ਬੁੱਢੇ ਨਾਲੇ ’ਚ ਰੋੜੀ ਜਾ ਰਹੇ ਹਨ ਤਾਂ ਫਿਰ ਇਹਨਾਂ ’ਤੇ ਕਰੋੜਾਂ ਰੁਪਏ ਖਰਚਣ ਦੀ ਕੀ ਤੁਕ ਬਣਦੀ ਹੈ? ਲੱਖਾ ਸਿਧਾਨਾ ਨੇ ਕਿਹਾ ਕਿ ਦਿਨੋ ਦਿਨ ਸਤਲੁਜ ਦਰਿਆ ’ਚ ਵੱਧ ਰਿਹਾ ਜ਼ਹਿਰੀਲਾ ਪਾਣੀ ਚਿੰਤਾ ਦਾ ਵਿਸ਼ਾ ਹੈ।