ਜ਼ਹਿਰੀਲੇ ਪਾਣੀ ਰਾਹੀਂ ਲੱਖਾਂ ਲੋਕਾਂ ਨੂੰ ਪਰੋਸੀਆਂ ਜਾ ਰਹੀਆਂ ਹਨ ਬਿਮਾਰੀਆਂ : ਚੰਦਬਾਜਾ
ਆਖਿਆ! ਮਨੁੱਖ ਤੋਂ ਇਲਾਵਾ ਪਸ਼ੂ ਅਤੇ ਪੰਛੀਆਂ ਲਈ ਭਿਆਨਕ ਸੰਕਟ!
ਕੋਟਕਪੂਰਾ, 19 ਮਈ :- ਵਾਤਾਵਰਣ ਪ੍ਰਤੀ ਲੋਕਾਂ ’ਚ ਜਾਗਰੂਕਤਾ ਲਈ ਮੁਹਿੰਮ ਛੇੜਨ ਵਾਲੇ ਵਾਤਾਵਰਣ ਪ੍ਰੇਮੀ ਗੁਰਪ੍ਰੀਤ ਸਿੰਘ ਚੰਦਬਾਜਾ ਪ੍ਰਧਾਨ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਤੇ ਕਨਵੀਨਰ ਨਰੋਆ ਪੰਜਾਬ ਮੰਚ, ਨਾਮਵਰ ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ, ਰਾਜਸਥਾਨ ਦੇ ਵਾਤਾਵਰਣ ਪ੍ਰੇਮੀ ਸ਼ਬਨਮ ਗੋਂਦਾਰਾ, ਪ੍ਰਤਾਪ ਸਿੰਘ ਹੀਰਾ ਵਲੋਂ ਪਿਛਲੇ ਦਿਨੀਂ ਸਤਲੁਜ ਬਿਆਸ ਸੰਗਮ ਹਰੀਕੇ ਪੱਤਣ (ਹੈੱਡਵਰਕਸ) ਦਾ ਦੌਰਾ ਕੀਤਾ ਗਿਆ, ਇੱਥੇ ਵਾਤਾਵਰਣ ਲਈ ਕੰਮ ਕਰ ਰਹੀਆਂ ਵੱਖ ਵੱਖ ਸੰਸਥਾਵਾਂ ਦੇ ਇਹਨਾਂ ਆਗੂਆਂ ਨੇ ਵੇਖਿਆ ਕੇ ਹਰੀਕ ਹੈਡਵਰਕਸ ਤੋਂ ਨਿਕਲਣ ਵਾਲੀਆਂ ਨਹਿਰਾਂ ’ਚ ਬੇਹੱਦ ਜ਼ਹਿਰੀਲਾ ਕਾਲਾ ਗਾਹੜਾ ਪਾਣੀ ਆ ਰਿਹਾ ਹੈ। ਇਸ ਗੰਦੇ ਪਾਣੀ ਨੂੰ ਨਾ ਪੀਣ ਲਈ ਪੰਜਾਬ ਸਰਕਾਰ ਨੇ ਐਡਵਾਈਜਰੀ ਵੀ ਜਾਰੀ ਕੀਤੀ ਹੈ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਤਲੁਜ ਦਰਿਆ ਦਾ ਗੰਦਾ ਪਾਣੀ ਬਿਆਸ ਦਰਿਆ ਦੇ ਪਾਣੀ ਨੂੰ ਵੀ ਪਲੀਤ ਕਰ ਰਿਹਾ ਹੈ। ਇਹ ਪਾਣੀ ਜੋ ਨਹਿਰਾਂ ਰਾਹੀਂ ਪੰਜਾਬ ਅਤੇ ਰਾਜਸਥਾਨ ਦੇ ਵੱਡੇ ਇਲਾਕੇ ਦੀ ਸਿੰਚਾਈ ਦੀ ਲੋੜ ਨੂੰ ਪੂਰਾ ਕਰਦਾ ਹੈ, ੳੱੁਥੇ ਇਹ ਪਾਣੀ ਨੂੰ 2 ਕਰੋੜ ਦੇ ਕਰੀਬ ਲੋਕ ਪੀਂਦੇ ਹਨ। ਇਸ ਸਬੰਧੀ ਫਿਕਰਮੰਦੀ ਜਾਹਿਰ ਕਰਦਿਆਂ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕਿਹਾ ਕਿ ਇਹ ਪਾਣੀ ਜਿਹੜੇ ਖੇਤਰਾਂ ’ਚ ਜਾਵੇਗਾ, ੳੱੁਥੇ ਇਹ ਭਿਆਨਕ ਸੰਕਟ ਪੈਦਾ ਕਰੇਗਾ। ਬੇਸ਼ੱਕ ਸਰਕਾਰ ਕਹਿ ਰਹੀ ਹੈ ਕਿ ਇਹ ਪਾਣੀ ਕੇਵਲ ਸਿੰਚਾਈ ਦੇ ਕੰਮ ਲਈ ਹੈ ਪਰ ਲੋਕਾਂ ਨੂੰ ਇਹ ਵੀ ਦੱਸਿਆ ਜਾਣਾ ਚਾਹੀਦਾ ਹੈ ਕਿ ਖਤਰਨਾਕ ਧਾਤਾਂ ਯੁਕਤ ਇਹ ਅਤਿ ਜਹਿਰੀਲਾ ਪਾਣੀ ਜਿਹੜੇ ਖੇਤਾਂ ਨੂੰ ਲੱਗੇ, ਉਹਨਾਂ ਇਲਾਕਿਆਂ ’ਚ ਵੱਡੇ ਸੰਕਟ ਪੈਦਾ ਹੋ ਸਕਦੇ ਹਨ। ਪਸ਼ੂ ਪਰਿੰਦੇ ਵੀ ਇਸ ਪਾਣੀ ਨੂੰ ਪੀਣਗੇ ਤਾਂ ਉਹ ਭਿਆਨਕ ਸਮੱਸਿਆਵਾਂ ਦਾ ਸ਼ਿਕਾਰ ਹੋਣਗੇ। ਉਹਨਾਂ ਕਿਹਾ ਕਿ ਪਾਣੀ ਦੇ ਪ੍ਰਦੂਸ਼ਣ ਦਾ ਸੰਕਟ ਹਰ ਦਿਨ ਭਿਆਨਕ ਤੋਂ ਅਤਿ ਭਿਆਨਕ ਹੋ ਰਿਹਾ ਹੈ ਅਤੇ ਸਰਕਾਰਾਂ ਨੂੰ ਇਸ ਸਬੰਧੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਹ ਸੰਕਟ ਪੰਜਾਬ ਅਤੇ ਰਾਜਸਥਾਨ ਦੇ ਵੱਡੇ ਇਲਾਕੇ ਦੇ ਲੋਕਾਂ ਦੀ ਜਿੰਦਗੀ ਦਾ ਸੰਕਟ ਹੈ। ਲੱਖਾਂ ਜੀਵਾਂ ਦੀਆਂ ਜਿੰਦਗੀਆਂ ਨੂੰ ਖਤਰੇ ’ਚ ਪਾ ਕੇ ਕਿਸੇ ਕਾਰਖਾਨੇ ਫੈਕਟਰੀਆਂ ਨੂੰ ਚੱਲਦਾ ਰੱਖਣਾ ਜਾਇਜ ਨਹੀਂ ਹੈ। ਭਾਵੇਂ ਉਹ ਕਿੰਨੀ ਵੀ ਵੱਡੀ ਕਮਾਈ ਸਾਧਨ ਹੋਵੇ। ਨਹਿਰਾਂ ’ਚ ਵਗ ਰਿਹਾ ਪਾਣੀ ਐਨਾ ਜ਼ਹਿਰੀਲਾ ਹੈ ਕਿ ਕਿਸੇ ਵੀ ਸਮੇਂ ਵੱਡੀ ਗਿਣਤੀ ਲੋਕ ਬਿਮਾਰ ਹੋ ਸਕਦੇ ਹਨ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਇਸ ਪਾਸੇ ਤੁਰਤ ਧਿਆਨ ਦੇਣ ਅਤੇ ਇਸ ਸਬੰਧੀ ਵੱਡੇ ਫੈਸਲੇ ਲੈਣ ਦੀ ਲੋੜ ’ਤੇ ਜੋਰ ਦਿੱਤਾ। ਨਾਲ ਹੀ ਉਹਨਾਂ ਲੋਕਾਂ ਨੂੰ ਸੁਚੇਤ ਹੋ ਕੇ ਇਸ ਅਣਮਨੁੱਖੀ ਵਰਤਾਰੇ ਖਿਲਾਫ ਲਾਮਬੰਦ ਹੋਣ ਦੀ ਅਪੀਲ ਕੀਤੀ।