10ਵੀਂ ਜਮਾਤ ਦੇ ਵਿਦਿਆਰਥੀਆਂ ਦਾ ਇੰਤਜ਼ਾਰ ਖ਼ਤਮ…ਪੰਜਾਬ ਬੋਰਡ ਕੱਲ੍ਹ ਐਲਾਨੇਗਾ ਨਤੀਜਾ, ਇਨ੍ਹਾਂ 2 ਵੈੱਬਸਾਈਟਸ ਤੋਂ ਕਰ ਸਕੋਗੇ ਡਾਊਨਲੋਡ
ਐੱਸ.ਏ.ਐੱਸ.ਨਗਰ, 25 ਮਈ (ਪੰਜਾਬੀ ਜਾਗਰਣ)- ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਦਸਵੀਂ ਸ਼੍ਰੇਣੀ ਦੀ ਮਾਰਚ 2023 ਵਿੱਚ ਕਰਵਾਈ ਗਈ ਪ੍ਰੀਖਿਆ ਦਾ ਨਤੀਜਾ ਸ਼ੁੱਕਰਵਾਰ 26 ਮਈ ਨੂੰ ਐਲਾਨਿਆ ਜਾਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੈੱਸ ਨੂੰ ਮੁਹੱਈਆ ਕਰਵਾਈ ਜਾਣਕਾਰੀ ਅਨੁਸਾਰ ਮਾਰਚ 2023 ਵਿੱਚ ਕਰਵਾਈ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਦਾ ਨਤੀਜਾ 26 ਮਈ ਨੂੰ ਐਲਾਨ ਕਰ ਦਿੱਤਾ ਜਾਵੇਗਾ। ਸਬੰਧਤ ਪ੍ਰੀਖਿਆਰਥੀਆਂ ਦੀ ਜਾਣਕਾਰੀ ਲਈ ਇਹ ਨਤੀਜਾ ਅਗਲੇ ਦਿਨ 27 ਮਈ ਨੂੰ ਬੋਰਡ ਦੀ ਵੈਬਸਾਈਟ www.pseb.ac.in ਅਤੇ www.indiaresults.com ‘ਤੇ ਉਪਲਬਧ ਕਰਵਾ ਦਿੱਤਾ ਜਾਵੇਗਾ। ਇਨ੍ਹਾਂ ਵੈੱਬ-ਸਾਈਟਜ਼ ਤੋਂ ਸਬੰਧਤ ਪ੍ਰੀਖਿਆਰਥੀ ਆਪਣਾ ਨਤੀਜਾ ਦੇਖ ਅਤੇ ਡਾਊਨਲੋਡ ਕਰ ਸਕਣਗੇ।
ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 24 ਮਈ ਨੂੰ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਜਿਸ ਵਿਚ ਸੁਜਾਨ ਕੌਰ 100 ਫ਼ੀਸਦੀ ਅੰਕ ਲੈਕੇ ਅੱਵਲ ਰਹੀ ਜੋ ਮਾਨਸਾ ਦੇ ਨਿਜੀ ਸਕੂਲ ਦੀ ਵਿਦਿਆਰਥਣ ਹੈ। ਬਠਿੰਡੇ ਦੀ ਸ਼ਰੇਆ ਸਿੰਗਲਾ 99.60 ਫ਼ੀਸਦੀ ਅੰਕ ਲੈ ਕੇ ਦੂਜੇ ਨੰਬਰ ‘ਤੇ ਰਹੀ। ਲੁਧਿਆਣੇ ਦੀ ਨਵਪ੍ਰੀਤ ਕੌਰ ਨੇ 99.40 ਫ਼ੀਸਦ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਕੁੱਲ ਨਤੀਜਾ 92.47 ਫ਼ੀਸਦੀ ਰਿਹਾ। 12ਵੀਂ ਜਮਾਤ ਦੀ ਪ੍ਰੀਖਿਆ ਮਾਰਚ 2023 ‘ਚ ਹੋਈ ਸੀ। 3637 ਵਿਦਿਆਰਥੀ ਫੇਲ੍ਹ ਹੋਏ ਹਨ। 18,569 ਵਿਦਿਆਰਥੀਆਂ ਦੀ ਕੰਪਾਰਟਮੈੰਟ ਆਈ ਹੈ। ਕੁੜੀਆਂ ਦਾ ਪਾਸ ਫ਼ੀਸਦ 95.47 ਹੈ। ਮੁੰਡਿਆਂ ਦਾ ਪਾਸ ਫੀਸਦ 90.14 ਹੈ। ਸਾਇੰਸ ਵਿਸ਼ੇ ਦਾ ਨਤੀਜਾ 98.68 ਫ਼ੀਸਦ ਸਭ ਤੋਂ ਵੱਧ ਰਿਹਾ। 96.91 ਫ਼ੀਸਦ ਨਤੀਜੇ ਨਾਲ ਗੁਰਦਾਸਪੁਰ ਮੋਹਰੀ ਰਿਹਾ।ਮਾਰਚ 2023 ਵਿਚ ਹੋਈ 12ਵੀਂ ਜਮਾਤ ਦੀ ਪ੍ਰੀਖਿਆ ‘ਚ 296709 ਵਿਦਿਆਰਥੀ ਬੈਠੇ ਸਨ।
ਇਹ ਹੈ ਪ੍ਰੋਸੈੱਸ
ਪੰਜਾਬ ਬੋਰਡ 10ਵੀਂ ਦਾ ਨਤੀਜਾ ਦੇਖਣ ਲਈ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਹੋਮਪੇਜ ‘ਤੇ ਨਤੀਜਾ ਲਿੰਕ ਦੇਖੋ। ਹੁਣ ਅਗਲੇ ਪੜਾਅ ਵਿੱਚ ਲੌਗਇਨ ਵੇਰਵੇ ਦਰਜ ਕਰੋ ਤੇ ਸਬਮਿਟ ਕਰੋ। ਹੁਣ PSEB ਕਲਾਸ 10ਵੀਂ ਦਾ ਨਤੀਜਾ 2023 ਸਕ੍ਰੀਨ ‘ਤੇ ਦਿਖਾਈ ਦੇਵੇਗਾ। ਹੁਣ ਉਸੇ ਦੁਆਰਾ ਜਾਓ ਅਤੇ ਇਸ ਨੂੰ ਡਾਊਨਲੋਡ ਕਰੋ। ਹੁਣ ਭਵਿੱਖ ਦੇ ਸੰਦਰਭ ਲਈ ਇਸਦਾ ਪ੍ਰਿੰਟਆਊਟ ਲਓ।