1984 ਸਿੱਖ ਨਸਲਕੁਸ਼ੀ ਮਾਮਲਾ: ਸੱਜਣ ਕੁਮਾਰ ਵਿਰੁਧ ਦੋਸ਼ ਤੈਅ ਕਰਨ ਦਾ ਫ਼ੈਸਲਾ ਟਲਿਆ
Advertisement
ਨਵੀਂ ਦਿੱਲੀ, 8 ਅਗਸਤ (ਰੋਜਾਨਾ ਸਪੋਕਸਮੈਨ)- 1984 ਸਿੱਖ ਨਸਲਕੁਸ਼ੀ ਮਾਮਲੇ ਵਿਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਵਿਰੁਧ ਦੋਸ਼ ਤੈਅ ਕਰਨ ਦੇ ਮਾਮਲੇ ਵਿਚ ਰਾਊਜ਼ ਐਵੇਨਿਊ ਅਦਾਲਤ ਵਿਚ ਅੱਜ ਫ਼ੈਸਲਾ ਟਾਲ ਦਿਤਾ ਗਿਆ। ਹੁਣ ਸੱਜਣ ਕੁਮਾਰ ਵਿਰੁਧ ਦੋਸ਼ ਤੈਅ ਕਰਨ ’ਤੇ 19 ਅਗਸਤ ਨੂੰ ਫ਼ੈਸਲਾ ਆਵੇਗਾ। ਦਰਅਸਲ ਇਹ ਮਾਮਲਾ ਸਿੱਖ ਕਤਲੇਆਮ ਦੌਰਾਨ ਨਵੰਬਰ 1984 ਵਿਚ ਜਨਕਪੁਰੀ ਵਿਚ ਸੋਹਣ ਸਿੰਘ ਅਤੇ ਉਨ੍ਹਾਂ ਦੇ ਜਵਾਈ ਅਵਤਾਰ ਸਿੰਘ ਦੀ ਹਤਿਆ ਨਾਲ ਸਬੰਧਤ ਹੈ।
ਇਸੇ ਤਰ੍ਹਾਂ ਵਿਕਾਸਪੁਰੀ ਪੁਲਿਸ ਥਾਣੇ ਅਧੀਨ ਪੈਂਦੇ ਇਲਾਕੇ ਵਿਚ ਗੁਰਚਰਨ ਸਿੰਘ ਨੂੰ ਸਾੜ ਦਿਤਾ ਗਿਆ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਨ੍ਹਾਂ ਦੋਵਾਂ ਮਾਮਲਿਆਂ ਵਿਚ 2015 ਵਿਚ ਐਸ.ਆਈ.ਟੀ. ਨੇ ਮਾਮਲਾ ਦਰਜ ਕਰ ਕੇ ਜਾਚ ਸ਼ੁਰੂ ਕੀਤੀ ਸੀ। ਇਸ ਮਾਮਲੇ ਵਿਚ ਮਈ 2018 ਨੂੰ ਸੱਜਣ ਕੁਮਾਰ ਦਾ ਪੋਲੀਗ੍ਰਾਫ਼ ਟੈਸਟ ਵੀ ਹੋ ਚੁਕਿਆ ਹੈ।