200 ਰੁਪਏ ਸਸਤਾ ਹੋਵੇਗਾ ਘਰੇਲੂ LPG ਸਿਲੰਡਰ, 30 ਅਗਸਤ ਤੋਂ ਹੋਵੇਗੀ ਕੀਮਤਾਂ ‘ਚ ਕਟੌਤੀ
ਨਵੀਂ ਦਿੱਲੀ, 29 ਅਗਸਤ (ਰੋਜਾਨਾ ਸਪੋਕਸਮੈਨ)- ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਮੋਦੀ ਸਰਕਾਰ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਸਸਤੇ ਰਸੋਈ ਗੈਸ ਸਿਲੰਡਰ ਦਾ ਤੋਹਫ਼ਾ ਦੇਣ ਜਾ ਰਹੀ ਹੈ। ਸੂਤਰਾਂ ਮੁਤਾਬਕ ਮਹਿੰਗੇ ਰਸੋਈ ਗੈਸ ਸਿਲੰਡਰਾਂ ਨੂੰ ਲੈ ਕੇ ਵਿਰੋਧੀ ਧਿਰ ਦੇ ਲਗਾਤਾਰ ਹਮਲਿਆਂ ਦਾ ਸਾਹਮਣਾ ਕਰ ਰਹੀ ਮੋਦੀ ਸਰਕਾਰ ਨੇ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ 200 ਰੁਪਏ ਦੀ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ।
ਹਾਲਾਂਕਿ, ਇਹ ਲਾਭ ਸਿਰਫ਼ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਹੀ ਮਿਲੇਗਾ। ਮੋਦੀ ਸਰਕਾਰ ਦੇ ਇਸ ਫ਼ੈਸਲੇ ਨਾਲ ਸਰਕਾਰੀ ਖਜ਼ਾਨੇ ‘ਤੇ 7500 ਕਰੋੜ ਰੁਪਏ ਦਾ ਬੋਝ ਪਵੇਗਾ।
ਪਿਛਲੇ ਸਾਲ ਜਦੋਂ ਰੂਸ-ਯੂਕਰੇਨ ਯੁੱਧ ਕਾਰਨ ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਅਤੇ ਗੈਸ ਦੀਆਂ ਕੀਮਤਾਂ ‘ਚ ਭਾਰੀ ਉਛਾਲ ਆਇਆ ਤਾਂ ਮਈ 2022 ‘ਚ ਮੋਦੀ ਸਰਕਾਰ ਨੇ ਪੀ.ਐੱਮ. ਉਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਇੱਕ ਸਾਲ ਵਿਚ 12 ਸਿਲੰਡਰ ਰੀਫਿਲ ਕਰਵਾਉਣ ਲਈ 200 ਰੁਪਏ ਪ੍ਰਤੀ ਸਿਲੰਡਰ ਸਬਸਿਡੀ ਦੇਣੀ ਸ਼ੁਰੂ ਕੀਤੀ ਸੀ।
ਜਿਸ ਦੀ ਮਿਆਦ 31 ਮਾਰਚ 2024 ਤੱਕ ਵਧਾ ਦਿੱਤੀ ਗਈ ਸੀ। ਇਸ ਦੇ ਬਾਵਜੂਦ ਇਸ ਸਕੀਮ ਤਹਿਤ ਸਿਲੰਡਰ ਲੈਣ ਵਾਲਿਆਂ ਨੂੰ 900 ਰੁਪਏ ਖਰਚਣੇ ਪੈ ਰਹੇ ਹਨ। ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਨੇ ਹੁਣ LPG ਸਿਲੰਡਰ ‘ਤੇ 200 ਰੁਪਏ ਦੀ ਵਾਧੂ ਸਬਸਿਡੀ ਦੇਣ ਦਾ ਫ਼ੈਸਲਾ ਕੀਤਾ ਹੈ।
ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ 2023 ਨੂੰ ਆਜ਼ਾਦੀ ਦਿਹਾੜੇ ‘ਤੇ ਲਾਲ ਕਿਲ੍ਹੇ ਤੋਂ ਕਿਹਾ ਸੀ ਕਿ ਸਰਕਾਰ ਨੇ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਕਈ ਫ਼ੈਸਲੇ ਲਏ ਹਨ ਅਤੇ ਆਉਣ ਵਾਲੇ ਦਿਨਾਂ ‘ਚ ਹੋਰ ਵੀ ਫ਼ੈਸਲੇ ਲਏ ਜਾਣਗੇ।
ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਕਟੌਤੀ ਦਾ ਫ਼ੈਸਲਾ ਉਨ੍ਹਾਂ ਫੈਸਲਿਆਂ ਵਿਚੋਂ ਇੱਕ ਹੈ। ਸਰਕਾਰ ਦੇ ਇਸ ਫੈਸਲੇ ਨੂੰ ਪੰਜ ਰਾਜਾਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਅਗਲੇ ਸਾਲ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ।