3 ਆਜ਼ਾਦ ਵਿਧਾਇਕਾਂ ਨੇ ਕਾਂਗਰਸ ਨੂੰ ਦਿੱਤਾ ਸਮਰਥਨ, ਭਾਜਪਾ ਨੂੰ ਲੱਗਾ ਝਟਕਾ
ਹਰਿਆਣਾ, 8 ਮਈ (ਪੀਟੀਸੀ ਨਿਊਜ)- ਲੋਕ ਸਭਾ ਚੋਣਾਂ ਦੌਰਾਨ ਹਰਿਆਣਾ ਵਿੱਚ ਭਾਜਪਾ ਨੂੰ ਝਟਕਾ ਲੱਗਾ ਹੈ। ਦਰਅਸਲ, ਹਰਿਆਣਾ ਵਿੱਚ ਭਾਜਪਾ ਦੀ ਸਰਕਾਰ 4 ਆਜ਼ਾਦ ਵਿਧਾਇਕਾਂ ਦੇ ਸਮਰਥਨ ਨਾਲ ਚੱਲ ਰਹੀ ਸੀ, ਜਿਨ੍ਹਾਂ ਵਿੱਚੋਂ 3 ਵਿਧਾਇਕਾਂ ਨੇ ਕਾਂਗਰਸ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਇਸ ਸਬੰਧ ਵਿਚ ਤਿੰਨੋਂ ਆਜ਼ਾਦ ਵਿਧਾਇਕ ਰੋਹਤਕ ਪਹੁੰਚ ਗਏ ਹਨ। ਇੱਥੇ ਉਨ੍ਹਾਂ ਨੇ ਵਿਰੋਧੀ ਧਿਰ ਦੇ ਨੇਤਾ ਭੂਪੇਂਦਰ ਸਿੰਘ ਹੁੱਡਾ ਨਾਲ ਪ੍ਰੈੱਸ ਕਾਨਫਰੰਸ ਕੀਤੀ। ਇਸ ਦੇ ਨਾਲ ਹੀ ਇੱਕ ਹੋਰ ਆਜ਼ਾਦ ਵਿਧਾਇਕ ਬਾਰੇ ਵੀ ਸਮਰਥਨ ਵਾਪਸ ਲੈਣ ਦੀ ਗੱਲ ਚੱਲ ਰਹੀ ਹੈ। ਅਜੇ ਵੀ ਉਨ੍ਹਾਂ ਦਾ ਇੰਤਜ਼ਾਰ ਹੈ।
ਇਸ ਬਾਰੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਤਿੰਨਾਂ ਵਿਧਾਇਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਲੋਕਾਂ ਦਾ ਮੌਜੂਦਾ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ ਅਤੇ ਉਨ੍ਹਾਂ ਨੇ ਲੋਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਹੈ। ਭੂਪੇਂਦਰ ਹੁੱਡਾ ਨੇ ਵੱਡਾ ਬਿਆਨ ਦਿੱਤਾ ਹੈ। ਹੁੱਡਾ ਨੇ ਕਿਹਾ ਕਿ 3 ਆਜ਼ਾਦ ਵਿਧਾਇਕਾਂ ਨੇ ਕਾਂਗਰਸ ਦੀ ਹਮਾਇਤ ਕੀਤੀ ਹੈ, ਜਨਤਾ ਦੇ ਸਮਰਥਨ ‘ਚ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਦਾ ਪ੍ਰਭਾਵ ਹੈ ਅਤੇ ਹਰ ਵਰਗ ਮੌਜੂਦਾ ਸਰਕਾਰ ਤੋਂ ਦੁਖੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਰਿਆਣਾ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਹੋਣਾ ਚਾਹੀਦਾ ਹੈ।
ਗੌਰਤਲਬ ਹੈ ਕਿ ਜਿਨ੍ਹਾਂ ਵਿਧਾਇਕਾਂ ਨੇ ਕਾਂਗਰਸ ਦਾ ਸਮਰਥਨ ਕੀਤਾ ਹੈ। ਇਨ੍ਹਾਂ ਵਿੱਚ ਪੁੰਡਰੀ ਤੋਂ ਵਿਧਾਇਕ ਰਣਧੀਰ ਗੋਲਨ, ਨੀਲੋਖੇੜੀ ਤੋਂ ਧਰਮਪਾਲ ਗੌਂਡਰ, ਚਰਖੀ ਦਾਦਰੀ ਤੋਂ ਵਿਧਾਇਕ ਸੋਮਵੀਰ ਸਾਂਗਵਾਨ ਸ਼ਾਮਲ ਹਨ।