328 ਪਵਨ ਸਰੂਪ ਮਾਮਲੇ ਦੀ ਜਾਂਚ ਹੋਈ ਤੇਜ਼, ਇੱਕ ਨਵੀਂ ਐਸਆਈਟੀ ਦਾ ਗਠਨ; ਸੀਪੀ ਅੰਮ੍ਰਿਤਸਰ ਕਰਨਗੇ ਜਾਂਚ ਦੀ ਨਿਗਰਾਨੀ
ਹੁਕਮ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਐਸਆਈਟੀ ਨੂੰ ਸਾਰੀ ਲੌਜਿਸਟਿਕਲ ਅਤੇ ਪ੍ਰਸ਼ਾਸਕੀ ਸਹਾਇਤਾ ਪ੍ਰਦਾਨ ਕਰਨਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜਾਂਚ ਨਿਰਪੱਖ, ਵਿਗਿਆਨਕ ਅਤੇ ਤੇਜ਼ੀ ਨਾਲ ਪੂਰੀ ਕੀਤੀ ਜਾਵੇ। ਜੇਕਰ ਜ਼ਰੂਰੀ ਹੋਇਆ ਤਾਂ ਟੀਮ ਵਿੱਚ ਹੋਰ ਅਧਿਕਾਰੀ ਵੀ ਸ਼ਾਮਲ ਕੀਤੇ ਜਾ ਸਕਦੇ ਹਨ।

ਚੰਡੀਗੜ੍ਹ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 328 ਪਵਿੱਤਰ ਸਰੂਪ ਮਾਮਲੇ ਦੀ ਜਾਂਚ ਤੇਜ਼ ਕਰਨ ਲਈ ਨਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਯਾਨੀ ਕਿ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਪਾਵਨ ਸਰੂਪ ਮਾਮਲੇ ‘ਚ ਪੁਲਿਸ ਸਟੇਸ਼ਨ ‘ਸੀ’ ਡਿਵੀਜ਼ਨ ਅੰਮ੍ਰਿਤਸਰ ‘ਚ ਐਫਆਈਆਰ ਨੰਬਰ 168, 7 ਦਸੰਬਰ 2025 ਨੂੰ ਦਰਜ ਕੀਤੀ ਗਈ ਸੀ। ਇਹ ਮਾਮਲਾ ਆਈਪੀਸੀ ਦੀਆਂ ਧਾਰਾਵਾਂ 295, 295-A, 409, 465 ਤੇ 120-B ਨਾਲ ਜੁੜਿਆ ਹੈ।
ਨਵੇਂ ਹੁਕਮਾਂ ‘ਚ ਪਹਿਲੇ ਤਿੰਨ ਆਦੇਸ਼ਾਂ ਨੂੰ ਰੱਦ ਕਰਦੇ ਹੋਏ ਨਵੀਂ ਟੀਮ ਬਣਾਈ ਗਈ ਹੈ, ਜਿਸ ਦੀ ਨਿਗਰਾਨੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ (ਆਈਪੀਐਸ) ਕਰਨਗੇ। ਐਸਆਈਟੀ ਦੇ ਚੇਅਰਮੈਨ ਨਾਨਕ ਸਿੰਘ (ਆਈਪੀਐਸ) ਬਣਾਏ ਗਏ ਹਨ। ਟੀਮ ‘ਚ ਐਸਐਸਪੀ ਖੰਨਾ ਦਰਪਨ ਆਹਲੂਵਾਲੀਆ (ਆਈਪੀਐਸ), ਐਸਪੀ ਡਿਟੈਕਟਿਵ ਪਟਿਆਲਾ ਗੁਰਬੰਸ ਸਿੰਘ ਬੈਂਸ (ਪੀਪੀਐਸ), ਐਸਪੀ ਸਪੈਸ਼ਲ ਬ੍ਰਾਂਚ ਮੁਹਾਲੀ ਸੁਖਨਾਜ਼ ਸਿੰਘ (ਪੀਪੀਐਸ), ਏਸੀਪੀ ਅੰਮ੍ਰਿਤਸਰ ਹਰਮਿੰਦਰ ਸਿੰਘ (ਪੀਪੀਐਸ) ਤੇ ਐਸਐਚਓ ਸੀ-ਡਿਵੀਜ਼ਨ ਸਬ-ਇੰਸਪੈਕਟਰ ਰਜਵੰਤ ਕੌਰ ਨੂੰ ਮੈਂਬਰ ਬਣਾਇਆ ਗਿਆ ਹੈ।
ਹੁਕਮ ‘ਚ ਸਾਫ਼ ਕਿਹਾ ਗਿਆ ਹੈ ਕਿ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਐਸਆਈਟੀ ਨੂੰ ਹਰ ਤਰ੍ਹਾਂ ਦਾ ਲੌਜਿਸਟਿਕ ਤੇ ਪ੍ਰਸ਼ਾਸਨਿਕ ਸਹਿਯੋਗ ਦੇਣਗੇ ਤਾਂ ਜੋਂ ਜਾਂਚ ਨਿਰਪੱਖ, ਵਿਗਿਆਨਿਕ ਤੌਰ ‘ਤੇ ਤੇ ਤੇਜ਼ੀ ਨਾਲ ਪੂਰੀ ਕੀਤੀ ਜਾ ਸਕੇ। ਜ਼ਰੂਰਤ ਪੈਣ ‘ਚ ਹੋਰ ਅਧਿਕਾਰੀਆਂ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਜਾ ਸਕਦਾ ਹੈ।
ਇਹ ਹੁਕਮ ਡਾਇਰੈਕਟਰ ਐਲ.ਕੇ.ਯਾਦਵ ਆਈਪੀਐਸ ਵੱਲੋਂ ਚੰਡੀਗੜ੍ਹ ਤੋਂ ਜਾਰੀ ਕੀਤਾ ਗਿਆ ਹੈ ਤੇ ਇਸ ਦੀ ਕਾਪੀ ਸਬੰਧਿਤ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ। ਹੁਣ ਪੂਰੇ ਪੰਜਾਬ ਦੀ ਨਜ਼ਰ ਇਸ ਐਸਆਈਟੀ ਦੀ ਜਾਂਚ ‘ਤੇ ਟਿੱਕੀ ਹੋਈ ਹੈ, ਕਿਉਂਕਿ ਇਸ ਮਾਮਲੇ ‘ਚ ਪਹਿਲਾਂ ਵੀ ਕਈ ਸਵਾਲ ਉੱਠ ਚੁੱਕੇ ਹਨ।
-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


