35 ਅੱਖਰ ਲੇਖਕ ਮੰਚ ਭਲੂਰ’ ਅਤੇ ਨੌਜਵਾਨ ਸਾਹਿਤ ਸਭਾ ਭਲੂਰ’ ਵੱਲੋਂ ‘ਪੰਜਾਬੀ ਸਾਹਿਤ ਸਭਾ ਫ਼ਰੀਦਕੋਟ’ ਨਾਲ ਸਾਹਿਤਕ ਮਿਲਣੀ 8 ਜੂਨ ਨੂੰ
ਫਰੀਦਕੋਟ, 6 ਜੂਨ (ਪੰਜਾਬ ਡਾਇਰੀ)- ’35 ਅੱਖਰ ਲੇਖਕ ਮੰਚ ਭਲੂਰ ‘ਅਤੇ ‘ਨੌਜਵਾਨ ਸਾਹਿਤ ਸਭਾ ਭਲੂਰ’ ਵੱਲੋਂ ‘ਮਹਿਕਾਂ ਵਰਗੇ ਆੜੀ’ ਪ੍ਰੋਗਰਾਮ ਤਹਿਤ ਉਕਤ ਸਭਾਵਾਂ ਦੇ ਵਿਹੜੇ ਪਿੰਡ ਭਲੂਰ ਵਿਖੇ 8 ਜੂਨ ਦਿਨ ਵੀਰਵਾਰ ਨੂੰ ‘ਪੰਜਾਬੀ ਸਾਹਿਤ ਸਭਾ ਫ਼ਰੀਦਕੋਟ’ ਨਾਲ ਇਕ ਸਾਹਿਤਕ ਮਿਲਣੀ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਸਬੰਧੀ ਇਤਿਹਾਸਕ ਜਾਣਕਾਰੀ ਸਾਂਝੀ ਕਰਦਿਆਂ ‘ਨੌਜਵਾਨ ਸਾਹਿਤ ਸਭਾ ਭਲੂਰ’ ਦੇ ਨੁਮਾਇੰਦੇ ਬੇਅੰਤ ਗਿੱਲ ਅਤੇ ਅਨੰਤ ਗਿੱਲ ਨੇ ਦੱਸਿਆ ਕਿ ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ 1947 ਵਿਚ ਦੇਸ਼ ਦੀ ਵੰਡ ਤੋਂ ਮਗਰੋਂ ਗੀਤਾਂ ਦੇ ਬਾਦਸ਼ਾਹ ਲਾਲ ਨੰਦ ਨੂਰਪੁਰੀ ਜਦੋਂ ਫਰੀਦਕੋਟ ਆਣ ਵਸੇ ਤਾਂ ਕੁਝ ਨੌਜਵਾਨ ਕਵੀ ਉਨ੍ਹਾਂ ਦੀ ਸੰਗਤ ਵਿੱਚ ਆ ਗਏ, ਜਿੰਨ੍ਹਾਂ ਵਿੱਚ ਬਿਸਮਿਲ ਫਰੀਦਕੋਟੀ , ਹਰੀ ਸਿੰਘ ਤਾਂਗਲੀ ਤੇ ਸੰਪੂਰਨ ਸਿੰਘ ਝੱਲਾ ਵਗੈਰਾ ਨੂੰ ਅਜਿਹੀ ਰੰਗਤ ਚੜ੍ਹੀ ਕਿ ਨੂਰਪੁਰੀ ਦੇ ਜਲੰਧਰ ਚਲੇ ਜਾਣ ਮਗਰੋਂ ਬਿਸਮਿਲ ਅਤੇ ਹੋਰਨਾਂ ਨੇ ਫਰੀਦਕੋਟ ਦੇ ਬਾਗ਼ਾਂ ਵਿਚ ਸਾਹਿਤਕ ਬੈਠਕਾਂ ਸ਼ੁਰੂ ਕੀਤੀਆਂ। ਨਾਮਵਰ ਸਾਹਿਤਕਾਰ ਬਾਪੂ ਨਵਰਾਹੀ ਘੁਗਿਆਣਵੀ ਅਨੁਸਾਰ ਬਿਸਮਿਲ ਫਰੀਦਕੋਟੀ ਨੂੰ ਹੀ ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਦਾ ਮੋਢੀ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਇਹ ਸਭਾ ਲੰਬੇ ਸਮੇਂ ਤੋਂ ਸਾਹਿਤਕ ਕਾਰਜਾਂ ਵਿੱਚ ਲੱਗੀ ਹੋਈ ਹੈ। ਸਭਾ ਨੇ ਆਸੇ ਪਾਸੇ ਦੀਆਂ ਕਈ ਸਭਾਵਾਂ ਨੂੰ ਜਨਮ ਦਿੱਤਾ ਜੋ ਸਮੇਂ ਸਮੇਂ ‘ਤੇ ਵੱਡਮੁੱਲੇ ਉਪਰਾਲੇ ਕਰਦਿਆਂ ਸਾਹਿਤਕ ਸਫ਼ਰ ‘ਤੇ ਹਨ। ਇਸੇ ਬਦੌਲਤ ’35 ਅੱਖਰ ਲੇਖਕ ਮੰਚ ਭਲੂਰ ‘ਅਤੇ ਨੌਜਵਾਨ ਸਾਹਿਤ ਸਭਾ ਭਲੂਰ’ ਨੇ ਸਮੁੱਚੀ ‘ਪੰਜਾਬੀ ਸਾਹਿਤ ਸਭਾ ਫ਼ਰੀਦਕੋਟ’ ਨੂੰ ਆਪਣੇ ਵਿਹੜੇ ਵਿੱਚ ਸੱਦ ਕੇ ਸਤਿਕਾਰ ਦੇਣ ਦਾ ਫੈਸਲਾ ਲਿਆ ਹੈ।ਇਸ ਮੌਕੇ ‘ਨੌਜਵਾਨ ਸਾਹਿਤ ਸਭਾ ਭਲੂਰ’ ਦੇ ਨੁਮਾਇੰਦੇ ਜਸਕਰਨ ਲੰਡੇ, ਸਤਨਾਮ ਸ਼ਦੀਦ ਸਮਾਲਸਰ, ਸਤੀਸ਼ ਧਵਨ,ਮਨਪ੍ਰੀਤ ਸਿੰਘ ਬਰਗਾੜੀ, ਸਤਨਾਮ ਬੁਰਜ ਹਰੀਕਾ, ਮਲਕੀਤ ਸਿੰਘ ਡਡਿਆਲਾ, ਰਣਧੀਰ ਸਿੰਘ ਮਾਹਲਾ, ਤਰਸੇਮ ਪੱਲਣ ਲੰਡੇ, ਵਰਿੰਦਰ ਸਿੰਘ, ਹਰਮਨਦੀਪ ਸਿੰਘ ਆਦਿ ਨੇ ਦੱਸਿਆ ਕਿ ਮਿਤੀ 8 ਜੂਨ ਦਿਨ ਵੀਰਵਾਰ ਨੂੰ ਪਿੰਡ ਭਲੂਰ ਵਿਖੇ ’35 ਅੱਖਰ ਲੇਖਕ ਮੰਚ ਭਲੂਰ’ ਦੇ ਵਿਹੜੇ ਵਿਚ ਇਸ ਸਾਹਿਤਕ ਮਿਲਣੀ ਦਾ ਆਗਾਜ਼ ਹੋਵੇਗਾ।