40 ਲੱਖ ਦੀ ਠੱਗੀ ਮਾਰਨ ਦੇ ਦੋਸ਼ਾਂ ‘ਚ ਪਰਚਾ ਦਰਜ
ਫ਼ਰੀਦਕੋਟ, 9 ਅਪ੍ਰੈਲ – (ਪ੍ਰਸ਼ੋਤਮ ਕੁਮਾਰ) – ਸਿਟੀ ਪੁਲਿਸ ਫਰੀਦਕੋਟ ਨੇ ਗੁਰਦਾਸਪੁਰ ਦੀ ਇੱਕ ਔਰਤ ਅਤੇ ਉਸ ਦੇ ਲੜਕੇ ਖਿਲਾਫ਼ ਕਥਿਤ ਤੌਰ ‘ਤੇ ਇੱਕ ਵਿਅਕਤੀ ਨਾਲ 40 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਜਨਵਰੀ 2020 ਵਿੱਚ ਵਾਰਸਪ੍ਰੀਤ ਸਿੰਘ ਵਾਸੀ ਅੰਮ੍ਰਿਤਸਰ ਫਰੀਦਕੋਟ ਦੇ ਸੰਧੂ ਮੈਰਿਜ ਪੈਲੇਸ ਫ਼ਰੀਦਕੋਟ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਇਆ ਸੀ, ਜਿੱਥੇ ਉਸ ਦੀ ਮੁਲਾਕਾਤ ਜਸ਼ਨਪ੍ਰੀਤ ਕੌਰ ਅਤੇ ਜੋਬਨਜੀਤ ਸਿੰਘ ਨਾਲ ਹੋਈ। ਸ਼ਿਕਾਇਤ ਅਨੁਸਾਰ ਜਸ਼ਨਪ੍ਰੀਤ ਕੌਰ ਨੇ ਸ਼ੇਅਰ ਮਾਰਕਿਟ ਵਿੱਚ ਪੈਸੇ ਲਾ ਕੇ ਕਮਾਈ ਕਰਨ ਦਾ ਝਾਂਸਾ ਦੇ ਕੇ ਵਾਰਸਪ੍ਰੀਤ ਸਿੰਘ ਤੋਂ 40 ਲੱਖ ਰੁਪਏ ਹਾਸਲ ਕਰ ਲਏ ਪਰੰਤੂ ਇਸ ਦੇ ਇਵਜ਼ ਵਿੱਚ ਸ਼ਿਕਾਇਤ ਕਰਤਾ ਨੂੰ ਕੋਈ ਵੀ ਵਿਆਜ ਮੁਨਾਫ਼ਾ ਜਾਂ ਮੂਲ ਵਾਪਸ ਨਹੀਂ ਕੀਤਾ। ਫ਼ਰੀਦਕੋਟ ਪੁਲੀਸ ਨੇ ਇਸ ਸ਼ਿਕਾਇਤ ਦੀ ਪੜਤਾਲ ਕਰਨ ਤੋਂ ਬਾਅਦ ਜਸ਼ਨਪ੍ਰੀਤ ਕੌਰ ਅਤੇ ਜੋਬਨਜੀਤ ਸਿੰਘ ਨੂੰ 40 ਲੱਖ ਦੀ ਠੱਗੀ ਮਾਰਨ ਦਾ ਕਸੂਰਵਾਰ ਮੰਨਦਿਆਂ ਉਸ ਖਿਲਾਫ਼ ਆਈ.ਪੀ.ਸੀ ਦੀ ਧਾਰਾ 420/120 ਬੀ ਤਹਿਤ ਪਰਚਾ ਦਰਜ ਕਰਨ ਦਾ ਹੁਕਮ ਦਿੱਤਾ। ਪੁਲੀਸ ਨੇ ਮੁਲਜ਼ਮਾਂ ਖਿਲਾਫ਼ ਪਰਚਾ ਦਰਜ ਕਰਕੇ ਮਾਮਲੇ ਦੀ ਪੜਤਾਲ ਅਰੰਭ ਦਿੱਤੀ ਹੈ। ਇਸ ਮਾਮਲੇ ਦੀ ਪੜਤਾਲ ਕਰ ਰਹੇ ਏ.ਐੱਸ.ਆਈ ਗੁਰਮੇਲ ਸਿੰਘ ਨੇ ਕਿਹਾ ਕਿ ਹਾਲ ਦੀ ਘੜੀ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।
40 ਲੱਖ ਦੀ ਠੱਗੀ ਮਾਰਨ ਦੇ ਦੋਸ਼ਾਂ ‘ਚ ਪਰਚਾ ਦਰਜ
previous post
next post