ਖੇਤੀਬਾੜੀ ਵਿਭਾਗ ਵੱਲੋਂ ਸਰਪੰਚਾਂ ਨੂੰ ਗੁਲਾਬੀ ਸੁੰਡੀ ਦੀ ਰੋਕਥਾਮ ਪ੍ਰਤੀ ਜਾਗਰੂਕ ਕੀਤਾ ਗਿਆ
ਫਰੀਦਕੋਟ, 29 ਮਾਰਚ (ਗੁਰਮੀਤ ਸਿੰਘ ਬਰਾੜ) ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਫਰੀਦਕੋਟ ਵੱਲੋ ਸ਼੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਏ.ਡੀ.ਸੀ. ਵਿਕਾਸ ਦੀ ਪ੍ਰਧਾਨਗੀ ਹੇਠ ਆਉਣ ਵਾਲੀ ਨਰਮੇ/ਕਪਾਹ ਦੀ ਫਸਲ ਨੂੰ ਕਾਮਯਾਬ ਕਰਨ ਲਈ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਗੁਲਾਬੀ ਸੁੰਡੀ ਦੇ ਸੰਭਾਵੀ ਹਮਲੇ ਦੀ ਰੋਕਥਾਮ ਸਬੰਧੀ ਚਲਾਈ ਜਾ ਰਹੀ ਮੁਹਿੰਮ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਏ.ਡੀ.ਸੀ. ਵਿਕਾਸ ਵੱਲੋ ਸਮੂਹ ਸਰਪੰਚਾਂ ਨੂੰ ਅਪੀਲ ਕੀਤੀ ਗਈ ਕਿ ਉਹ ਖੇਤੀਬਾੜੀ ਵਿਭਾਗ ਵੱਲੋ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦਾ ਖਾਤਮਾ ਕਰਨ ਲਈ ਜੋ ਯਤਨ ਕੀਤੇ ਜਾਂਦੇ ਹਨ, ਉਨ੍ਹਾਂ ਵਿੱਚ ਵਿਭਾਗ ਦਾ ਵੱਧ ਤੋ ਵੱਧ ਸਾਥ ਦਿੱਤਾ ਜਾਵੇ ਤਾਂ ਜੋ ਆਉਣ ਵਾਲੇ ਸੀਜ਼ਨ ਵਿੱਚ ਨਰਮੇ/ਕਪਾਹ ਦੀ ਫਸਲ ਨੂੰ ਕਾਮਯਾਬ ਕੀਤਾ ਜਾ ਸਕੇ। ਇਸ ਮੌਕੇ ਡਾ. ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੇ ਦੱਸਿਆ ਕਿ ਖੇਤਾਂ ਵਿੱਚ ਪਈਆਂ ਛਿਟੀਆਂ ਤੇ ਉਨ੍ਹਾਂ ਵਿੱਚ ਅੱਧਖਿੜੇ ਟੀਂਡਿਆਂ ਵਿੱਚ ਪੈਦਾ ਹੋਈ ਸੁੰਡੀ ਨੂੰ ਖਤਮ ਕਰਨ ਲਈ ਇਹ ਢੁੱਕਵਾਂ ਸਮਾਂ ਹੈ। ਉਨ੍ਹਾਂ ਸਰਪੰਚਾਂ ਨੂੰ ਪਿੰਡ ਪੱਧਰ ਤੇ ਇਕੱਠੇ ਹੋ ਕੇ ਛਿਟੀਆਂ ਦੇ ਪ੍ਰਬੰਧਨ ਲਈ ਕੰਮ ਸ਼ੁਰੂ ਕਰਨ ਲਈ ਕਿਹਾ ਤਾਂ ਜੋ ਮਾਰਚ ਮਹੀਨੇ ਤੱਕ ਛਿਟੀਆਂ ਸਾਫ ਕਰਨ ਦਾ ਕੰਮ ਮੁਕੰਮਲ ਹੋ ਸਕੇ। ਉਨ੍ਹਾਂ ਸਰਪੰਚਾਂ ਨੂੰ ਅਪੀਲ ਕੀਤੀ ਕਿ ਕਿਸਾਨ ਵੀਰ ਕੇਵਲ ਪ੍ਰਮਾਣਿਤ ਕਿਸਮਾਂ ਦੇ ਮਿਆਰੀ ਬੀਜ਼ ਹੀ ਤਸਦੀਕਸ਼ੁਦਾ ਫਰਮਾਂ ਤੋ ਬਿੱਲ ਉੱਪਰ ਹੀ ਲੈਣ ਅਤੇ ਬਾਹਰਲੇ ਸੂਬਿਆਂ ਤੋ ਬੀਜ਼ ਲੈਣ ਤੋ ਗੁਰੇਜ਼ ਕਰਨ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਤੇ ਡਾ. ਰਾਮ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ/ਫਰੀਦਕੋਟ ਨੇ ਸਰਪੰਚਾਂ ਨੂੰ ਦੱਸਿਆ ਗਿਆ ਕਿ ਇਸ ਗੈਰ ਮੌਸਮੀ ਛਿਟੀਆਂ ਦੇ ਢੇਰਾਂ ਵਿੱਚ ਅੱਧ ਖਿੜੇ ਟੀਂਡੇ ਚੰਗੀ ਤਰ੍ਹਾਂ ਝਾੜ ਕੇ ਅੱਗ ਲਗਾਉਣ ਨਾ ਜਾਂ ਫਿਰ ਛਿਟੀਆਂ ਦੇ ਢੇਰਾਂ ਨੂੰ ਨਰਮੇ ਦੀ ਬਿਜਾਈ ਤੋ ਪਹਿਲਾਂ-ਪਹਿਲਾਂ ਵਰਤ ਲੈਣ ਅਤੇ ਗੁਲਾਬੀ ਸੁੰਡੀ ਦੇ ਜੀਵਨ ਚੱਕਰ ਨੂੰ ਤੋੜਨਾ ਬਹੁਤ ਜਰੂਰੀ ਹੈ, ਜਿਸ ਨਾਲ ਆਉਣ ਵਾਲੇ ਸੀਜਨ ਵਿੱਚ ਨਰਮੇ/ਕਪਾਹ ਦੀ ਫਸਲ ਨੂੰ ਗੁਲਾਬੀ ਸੁੰਡੀ ਤੋ ਬਚਾਇਆ ਜਾ ਸਕਦਾ ਹੈ। ਡਾ. ਅਮਨਦੀਪ ਕੇਸ਼ਵ, ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਨਰਮੇ/ਕਪਾਹ ਵਿੱਚ ਸੰਯੁਕਤ ਕੀਟ ਪ੍ਰਬੰਧ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਕਿਹਾ ਕਿ ਝੋਨੇ ਦੇ ਬਦਲ ਤੋ ਬਾਅਦ ਨਰਮੇ/ਕਪਾਹ ਦੀ ਫਸਲ ਬਹੁਤ ਵਧੀਆ ਹੈ ਅਤੇ ਇਸ ਨੂੰ ਕਾਮਯਾਬ ਕਰਨ ਲਈ ਸਾਰਿਆਂ ਦੇ ਸਾਥ ਦੀ ਬਹੁਤ ਲੋੜ ਹੈ। ਇਸ ਮੌਕੇ ਸਰਪੰਚ ਗੁਰਸ਼ਮਿੰਦਰ ਸਿੰਘ, ਮਚਾਕੀ ਕਲਾਂ ਅਤੇ ਲਖਵਿੰਦਰ ਸਿੰਘ, ਚੰਦਬਾਜਾ ਵੱਲੋ ਕਿਹਾ ਗਿਆ ਕਿ ਕਿਸਾਨਾਂ ਨੂੰ ਸਮੇਂ ਸਿਰ ਸਿੰਚਾਈ ਕਰਨ ਲਈ ਬਿਜਲੀ ਦੀ ਬਹੁਤ ਜਰੂਰਤ ਹੁੰਦੀ ਹੈ ਜਦੋ ਕਿ ਉਸ ਸਮੇਂ ਪੂਰੀ ਬਿਜਲੀ ਮੁਹੱਈਆ ਨਹੀਂ ਹੁੰਦੀ ਤਾਂ ਡਾ. ਕਰਨਜੀਤ ਸਿੰਘ ਗਿੱਲ ਨੇ ਵਿਸ਼ਵਾਸ਼ ਦਵਾਇਆ ਕਿ ਇਸ ਵਾਰ ਬਿਜਲੀ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸਮੂਹ ਸਰਪੰਚ ਸਹਿਬਾਨ ਵੱਲੋ ਵੀ ਭਰੋਸਾ ਦਵਾਇਆ ਗਿਆ ਕਿ ਉਨ੍ਹਾਂ ਵੱਲੋ ਖੇਤੀਬਾੜੀ ਵਿਭਾਗ ਦਾ ਹਰ ਸੰਭਵ ਤਰੀਕੇ ਨਾਲ ਸਾਥ ਦਿੱਤਾ ਜਾਵੇਗਾ।