Breaking- ਪਟਾਖੇ ਵੇਚਣ ਦੇ ਆਰਜੀ ਲਾਇਸੰਸ ਲੈਣ ਲਈ ਚਾਹਵਾਨ ਸੇਵਾ ਕੇਂਦਰ ਵਿੱਚ ਦਰਖਾਸਤ ਮਿਤੀ 06 ਤੋਂ 08 ਅਕਤੂਬਰ, 2022 ਤੱਕ ਜਮਾ ਕਰਵਾਉਣ
ਫਰੀਦਕੋਟ, 1 ਅਕਤੂਬਰ – (ਪੰਜਾਬ ਡਾਇਰੀ) ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਲ 2022 ਦੌਰਾਨ ਦੀਵਾਲੀ ਅਤੇ ਗੁਰਪੁਰਬ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਲੋਂ ਸਿਵਲ ਰਿਟ ਪਟੀਸ਼ਨ ਵਿਚ ਦਿੱਤੇ ਗਏ ਆਦੇਸ਼ਾਂ ਦੀ ਪਾਲਣਾ ਵਿੱਚ ਪਟਾਖੇ ਵੇਚਣ ਦੇ ਆਰਜੀ ਲਾਇਸੰਸ ਲੈਣ ਲਈ ਚਾਹਵਾਨ ਵਿਅਕਤੀ ਆਪਣੀ ਦਰਖਾਸਤ ਮਿਤੀ 06 ਤੋਂ 08 ਅਕਤੂਬਰ, 2022 ਤੱਕ ਮੁਕੰਮਲ ਰੂਪ ਵਿੱਚ, ਸਵੈ-ਘੋਸ਼ਣਾ, ਆਧਾਰ ਕਾਰਡ ਦੀ ਕਾਪੀ, ਚਲਾਨ ਫਾਰਮ ਵਿੱਚ ਫੀਸ ਭਰਨ ਉਪਰੰਤ ਸੇਵਾ ਕੇਂਦਰ, ਮਿੰਨੀ ਸਕੱਤਰੇਤ, ਫਰੀਦਕੋਟ ਵਿੱਚ 08 ਅਕਤੂਬਰ, 2022 ਨੂੰ ਸ਼ਾਮ 05:00 ਵਜੇ ਤੱਕ ਪੇਸ਼ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਪ੍ਰਾਪਤ ਹੋਈਆਂ ਦਰਖਾਸਤਾਂ ਵਿੱਚੋਂ ਮਾਨਯੋਗ ਹਾਈਕੋਰਟ ਦੇ ਆਦੇਸ਼ਾਂ ਦੀ ਪਾਲਣਾ ਵਿੱਚ ਪਟਾਖੇ ਵੇਚਣ ਸਬੰਧੀ ਆਰਜੀ ਲਾਇਸੰਸ ਮਿਤੀ 11 ਅਕਤੂਬਰ 2022 ਨੂੰ ਸ਼ਾਮ 03.00 ਵਜੇ ਡਰਾਅ ਦੇ ਜਰੀਏ ਵੀਡੀਓਗ੍ਰਾਫੀ ਰਾਹੀਂ ਜ਼ਿਲ੍ਹਾ ਮੈਜਿਸਟਰੇਟ, ਫਰੀਦਕੋਟ ਵਲੋਂ ਸੀਨੀਅਰ ਕਪਤਾਨ ਪੁਲਿਸ, ਫਰੀਦਕੋਟ ਦੀ ਹਾਜ਼ਰੀ ਵਿੱਚ ਜਾਰੀ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਨਿਰਧਾਰਿਤ ਮਿਤੀ ਅਤੇ ਸਮੇਂ ਤੋਂ ਬਾਅਦ ਪ੍ਰਾਪਤ ਹੋਈ ਦਰਖਾਸਤ ‘ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।