Breaking- ਸੀਟ ਨੂੰ ਲੈ ਕੇ ਮਹਿਲਾਵਾਂ ਵਿਚ ਆਪਸੀ ਭਿੜਣ, ਮਾਮਲਾ ਸੁਲਝਾਉਣ ਆਈ ਮਹਿਲਾ ਪੁਲਿਸ ਜ਼ਖਮੀ
ਮੁੰਬਈ, 7 ਅਕਤੂਬਰ – ਲੋਕਲ ਰੇਲਗੱਡੀ ਅੰਦਰ ਸਫ਼ਰ ਦੌਰਾਨ ਸੀਟ ਨੂੰ ਲੈ ਕੇ ਔਰਤਾਂ ਵਿਚਕਾਰ ਝਗੜਾ ਹੋ ਗਿਆ ਅਤੇ ਦੇਖਦੇ ਹੀ ਦੇਖਦੇ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਝਗੜੇ ਮਗਰੋਂ ਕੁਝ ਔਰਤਾਂ ਨੇ ਡਿਊਟੀ ‘ਤੇ ਮੌਜੂਦ ਮਹਿਲਾ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕੀਤੀ ਤੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਵੀ ਕਰ ਦਿੱਤਾ। ਠਾਣੇ-ਪਨਵੇਲ ਲੋਕਲ ਟਰੇਨ ਦੇ ਮਹਿਲਾ ਡੱਬੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਵਾਸ਼ੀ ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਦੇ ਪੁਲਿਸ ਇੰਸਪੈਕਟਰ ਸੰਭਾਜੀ ਕਟਾਰੇ ਅਨੁਸਾਰ ਝੜਪ ਦਾ ਕਾਰਨ ਤੁਰਭੇ ਸਟੇਸ਼ਨ ਦੇ ਕੋਲ ਇਕ ਸੀਟ ਨੂੰ ਲੈ ਕੇ ਤਿੰਨ ਮਹਿਲਾ ਯਾਤਰੀਆਂ ਵਿਚਕਾਰ ਝਗੜਾ ਸੀ।
ਮਾਮਲਾ ਉਦੋਂ ਵਧ ਗਿਆ ਜਦੋਂ ਹੋਰ ਔਰਤਾਂ ਵੀ ਲੜਾਈ ‘ਚ ਸ਼ਾਮਲ ਹੋ ਗਈਆਂ। ਕਟਾਰੇ ਨੇ ਦੱਸਿਆ ਕਿ ਵਾਸ਼ੀ ਜੀਆਰਪੀ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਝਗੜੇ ਨੂੰ ਸੁਲਝਾਉਣ ਲਈ ਦਖਲ ਦੇਣ ਦੀ ਕੋਸ਼ਿਸ਼ ਕਰਨ ਵਾਲੀ ਇਕ ਮਹਿਲਾ ਪੁਲਿਸ ਮੁਲਾਜ਼ਮ ‘ਤੇ ਵੀ ਕੁਝ ਮਹਿਲਾ ਯਾਤਰੀਆਂ ਨੇ ਹਮਲਾ ਕਰ ਦਿੱਤਾ, ਜਿਸ ‘ਚ ਉਹ ਜ਼ਖਮੀ ਹੋ ਗਈ। ਇਕ ਪੁਲਿਸ ਮੁਲਾਜ਼ਮ ਸਮੇਤ ਘੱਟੋ-ਘੱਟ ਤਿੰਨ ਔਰਤਾਂ ਜ਼ਖ਼ਮੀ ਹੋ ਗਈਆਂ। ਪੁਲਿਸ ਮੁਤਾਬਕ ਤੁਰਭੇ ਸਟੇਸ਼ਨ ‘ਤੇ ਇਕ ਸੀਟ ਖਾਲੀ ਹੋਣ ‘ਤੇ ਇਕ ਮਹਿਲਾ ਯਾਤਰੀ ਨੇ ਦੂਜੀ ਔਰਤ ਨੂੰ ਸੀਟ ਦੇਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਕ ਹੋਰ ਔਰਤ ਨੇ ਵੀ ਉਸੇ ਸੀਟ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ।