Breaking- 14 ਅਕਤੂਬਰ ਸਵੇਰ ਤੋਂ ਹੀ ਲਈ ਜਾਵੇਗੀ ਭਰਤੀ ਪ੍ਰੀਖਿਆ
ਚੰਡੀਗੜ੍ਹ, 13 ਅਕਤੂਬਰ – ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਵਿਚ ਭਰਤੀਆਂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੰਜਾਬ ਪੁਲਿਸ ਵਿਚ ਵੱਖ-ਵੱਖ ਅਸਾਮੀਆਂ ਲਈ ਭਰਤੀ ਪ੍ਰੀਖਿਆ ਭਲਕੇ 14 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਪੰਜਾਬ ਪੁਲਿਸ ਵਿਚ 1191 ਅਸਾਮੀਆਂ ਭਰੀਆਂ ਜਾਣੀਆਂ ਹਨ। ਇਸ ਲਈ 14 ਅਕਤੂਬਰ ਨੂੰ ਕਾਂਸਟੇਬਲ ਰੈਂਕ ਦੇ ਜਵਾਨਾਂ ਦੀ ਪ੍ਰੀਖਿਆ ਹੋਵੇਗੀ, ਫਿਰ 15 ਅਕਤੂਬਰ ਨੂੰ ਹੈੱਡ ਕਾਂਸਟੇਬਲ ਅਤੇ 15-16 ਅਕਤੂਬਰ ਨੂੰ ਐਸਆਈ ਰੈਂਕ ਲਈ ਸਿਪਾਹੀਆਂ ਦੀ ਭਰਤੀ ਕੀਤੀ ਜਾਵੇਗੀ।
ਉਮੀਦਵਾਰਾਂ ਨੂੰ ਪੇਪਰ-1 ਅਤੇ ਪੇਪਰ-2 ਲਈ ਆਪਣੇ ਦੋਵੇਂ ਐਡਮਿਟ ਕਾਰਡਾਂ ਨਾਲ ਪ੍ਰੀਖਿਆ ਕੇਂਦਰ ‘ਤੇ ਉਤੇ ਸਮੇਂ ਸਿਰ ਪੁੱਜਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਭਰਤੀ ਪ੍ਰੀਖਿਆ ਓਐੱਮਆਰ ਆਧਾਰਿਤ ਹੋਵੇਗੀ ਤਾਂ ਜੋ ਪ੍ਰਕਿਰਿਆ ‘ਚ ਪਾਰਦਰਸ਼ਤਾ ਆਵੇ। ਇਹ ਜਾਣਕਾਰੀ ਪੰਜਾਬ ਪੁਲਿਸ ਇੰਡੀਆ ਦੇ ਅਧਿਕਾਰਤ ਟਵਿੱਟਰ ਅਕਾਊਂਟ ਉਪਰ ਅਪਲੋਡ ਕੀਤੀ ਗਈ ਹੈ।
ਇਸ ਤੋਂ ਇਲਾਵਾ ਇਨਵੈਸਟੀਗੇਸ਼ਨ ਕੇਡਰ ਵਿਚ 787 ਹੈੱਡ ਕਾਂਸਟੇਬਲ ਰੈਂਕ ਦੇ ਸਿਪਾਹੀਆਂ ਦੀ ਭਰਤੀ ਲਈ ਪ੍ਰੀਖਿਆ ਹੋਵੇਗੀ। ਇੰਟੈਲੀਜੈਂਸ ਤੇ ਇਨਵੈਸਟੀਗੇਸ਼ਨ ਕੇਡਰ ਵਿਚ ਕਾਂਸਟੇਬਲ ਰੈਂਕ ਦੇ ਜਵਾਨਾਂ ਲਈ ਭਰਤੀ ਪ੍ਰੀਖਿਆ 14 ਅਕਤੂਬਰ ਨੂੰ ਹੈ।
ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਵੇਰਵੇ ਸਾਂਝੇ ਕੀਤੇ ਸਨ। ਮੁੱਖ ਮੰਤਰੀ ਨੇ ਦੱਸਿਆ ਸੀ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿਚ 4374 ਪੁਲਿਸ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਸੌਂਪੇ ਸਨ ਅਤੇ ਹੁਣ ਨਵੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸੀਐਮ ਮਾਨ ਨੇ ਸਪੱਸ਼ਟ ਕੀਤਾ ਸੀ ਕਿ ਇਹ ਭਰਤੀ ਕਿਸੇ ਰਿਸ਼ਵਤ ਅਤੇ ਸਿਫਾਰਿਸ਼ ਤੋਂ ਬਿਨ੍ਹਾਂ ਹੋਵੇਗੀ।