Breaking- ਸਿੱਖਿਆ ਦੀ ਬਿਹਤਰੀ ਲਈ ਸਕੂਲਾਂ ਵਿੱਚ ਪੜ੍ਹਨ ਤੇ ਪੜ੍ਹਾਉਣ ਦਾ ਮਾਹੌਲ ਪੈਦਾ ਕੀਤਾ ਜਾਵੇ
ਸਕੂਲਾਂ ਵਿੱਚ ਮੇਲੇ ਅਤੇ ਮੁਕਾਬਲਿਆਂ ਦੀ ਹੋ ਰਹੀ ਬਹੁਤਾਤ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਕਰ ਰੱਖਿਐ ਪ੍ਰੇਸ਼ਾਨ
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਸਿੱਖਿਆ ਮੰਤਰੀ ਪੰਜਾਬ ਸਰਕਾਰ ਤੋਂ ਕੀਤੀ ਮੰਗ
ਫਰੀਦਕੋਟ, 11 ਨਵੰਬਰ – (ਪੰਜਾਬ ਡਾਇਰੀ) ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਕੁਮਾਰ ਲੁਧਿਆਣਾ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਾੜੀਮੇਘਾ, ਵਿੱਤ ਸਕੱਤਰ ਨਵੀਨ ਸੱਚਦੇਵਾ, ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ ਅਤੇ ਸੂਬਾ ਸਲਾਹਕਾਰ ਪ੍ਰੇਮ ਚਾਵਲਾ ਨੇ ਦੱਸਿਆ ਹੈ ਕਿ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵੱਖ ਵੱਖ ਤਰ੍ਹਾਂ ਦੇ ਸਕੂਲ ਪੱਧਰੀ, ਬਲਾਕ, ਤਹਿਸੀਲ ਤੇ ਜ਼ਿਲ੍ਹਾ ਪੱਧਰੀ ਮੇਲਿਆਂ ਤੇ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰਨ ਵਿੱਚ ਉਲਝਾ ਕੇ ਰੱਖਿਆ ਹੋਇਆ ਹੈ । ਲੰਘੇ 7 ਮਹੀਨਿਆਂ ਦੌਰਾਨ ਗਣਿਤ ਮੇਲਾ, ਸਮਾਜਿਕ ਸਿੱਖਿਆ ਮੇਲਾ, ਅੰਗਰੇਜ਼ੀ ਮੇਲਾ, ਵਿਗਿਆਨ ਪ੍ਰਦਰਸ਼ਨੀਆਂ, ਕਲਾ ਉਤਸਵ, ਲਾਇਬਰੇਰੀ ਲੰਗਰ ਆਦਿ ਬਹੁਤ ਕੁੱਝ ਦਾ ਆਯੋਜਿਨ ਕੀਤਾ ਜਾ ਚੁੱਕਿਆ ਹੈ । ਇਸ ਤੋਂ ਇਲਾਵਾ ਬਾਈ ਮੰਥਲੀ ਪ੍ਰੀਖਿਆਵਾਂ 5 ਅਗਸਤ 2022 ਤੋੰ 20 ਅਗਸਤ ਤੱਕ ਹੋ ਚੁੱਕੀਆਂ ਹਨ , ਸਤੰਬਰ ਮਹੀਨੇ ਦੌਰਾਨ ਹੋਈਆਂ ਟਰਮ ਪ੍ਰੀਖਿਆਵਾਂ 27 ਸਤੰਬਰ ਤੋਂ 7 ਅਕਤੂਬਰ ਤੱਕ ਪ੍ਰੀਖਿਆਵਾਂ ਦੇ ਪੇਪਰ ਹੋ ਚੁੱਕੇ ਹਨ ਅਤੇ ਹੁਣ 26 ਨਵੰਬਰ ਤੋਂ 9 ਦਸੰਬਰ ਤੱਕ ਬਾਈ ਮੰਥਲੀ ਪ੍ਰੀਖਿਆਵਾਂ ਲੈਣ ਦੀ ਡੇਟ ਸ਼ੀਟ ਵੀ ਪ੍ਰਾਪਤ ਹੋ ਚੁੱਕੀ ਹੈ । ਇਹ ਲਗਾਤਾਰ ਵਾਪਰ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਪੇਪਰਾਂ ਦੀ ਤਿਆਰੀ ਕਰਨ ਅਤੇ ਵਿਸ਼ਾ ਅਧਿਆਪਕਾਂ ਨੂੰ ਪੇਪਰ ਦੇਖਣ ਤੇ ਨਤੀਜੇ ਤਿਆਰ ਕਰਨ ਵਿੱਚ ਉਲਝਾਕੇ ਰੱਖਿਆ ਹੋਇਆ ਹੈ । ਅਧਿਆਪਕ ਆਗੂਆਂ ਨੇ ਅੱਗੇ ਕਿਹਾ ਕਿ ਇਨ੍ਹਾਂ ਕਾਰਨਾਂ ਕਰਕੇ ਸਕੂਲਾਂ ਵਿੱਚ ਪੜ੍ਹਨ ਤੇ ਪੜ੍ਹਾਉਣ ਵਾਲਾ ਕਾਰਜ ਬੁਰੀ ਤਰ੍ਹਾਂ ਪ੍ਰਭਾਵਤ ਹੋ ਕੇ ਰਹਿ ਗਿਆ ਹੈ । ਇਸ ਤੋਂ ਇਲਾਵਾ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵੱਲੋਂ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਦੇ ਨਾਂ 10 ਨਵੰਬਰ ਨੂੰ ਜਾਰੀ ਕੀਤੇ ਗਏ ਪੱਤਰ ਵਿੱਚ 14 ਨਵੰਬਰ ਨੂੰ ਸਕੂਲਾਂ ਵਿੱਚ ਬਾਲ ਮੇਲਾ ਕਰਵਾਉਣ ਸਬੰਧੀ ਤੇ ਦਾਖਲਾ ਮੁਹਿੰਮ ਦੀ ਸ਼ੁਰੂਆਤ ਕਰਨ ਲਈ 23 ਨੁਕਾਤੀ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ । 12 ਅਤੇ 13 ਨਵੰਬਰ ਨੂੰ ਸ਼ਨੀਵਾਰ ਅਤੇ ਐਤਵਾਰ ਹੋਣ ਕਰਕੇ ਸਕੂਲਾਂ ਵਿੱਚ ਛੁੱਟੀ ਹੈ । ਇਸ ਕਰਕੇ 11 ਅਤੇ 14 ਨਵੰਬਰ ਨੂੰ ਸਕੂਲਾਂ ਵਿੱਚ ਕਿੰਨੀ ਕੁ ਪੜ੍ਹਾਈ ਹੋਵੇਗੀ ਇਸ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ।
ਅਧਿਆਪਕ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਸਰਕਾਰ ਸ. ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਹੈ ਕਿ ਅਜਿਹੇ ਗ਼ੈਰ ਵਿੱਦਿਅਕ ਕੰਮ ਤੁਰੰਤ ਬੰਦ ਕੀਤੇ ਜਾਣ ਅਤੇ ਸਕੂਲਾਂ ਵਿੱਚ ਪੜ੍ਹਨ ਤੇ ਪੜ੍ਹਾਉਣ ਦਾ ਮਾਹੌਲ ਬਣਾਇਆ ਜਾਵੇ ਤਾਂ ਹੀ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਮਿਆਰ ਉੱਚਾ ਹੋ ਸਕਦਾ ਹੈ ਨਾ ਕਿ ਸਕੂਲਾਂ ਵਿੱਚ ਵੱਖ ਵੱਖ ਵਿਸ਼ਿਆਂ ਦੇ ਲਾਏ ਜਾ ਰਹੇ ਮੇਲਿਆਂ ਜਾਂ ਮੁਕਾਬਲਿਆਂ ਦਾ ਆਯੋਜਿਨ ਕਰਕੇ ।