Breaking- ਸੇਵਾ ਕੇਂਦਰਾਂ ਵਿੱਚ ਅਧਾਰ ਕਾਰਡ ਦੇ ‘ਪਰੂਫ ਆਫ਼ ਅਡੈਂਟਿਟੀ’ ਅਤੇ ‘ਪਰੂਫ ਆਫ਼ ਐਡਰੈਸ’ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ ਹੋਈ- ਡਾ. ਰੂਹੀ ਦੁੱਗ
ਫਰੀਦਕੋਟ, 23 ਨਵੰਬਰ – (ਪੰਜਾਬ ਡਾਇਰੀ) ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਸੇਵਾ ਕੇਂਦਰਾਂ ਵਿੱਚ ਨਾਗਰਿਕਾਂ ਦੇ ਅਧਾਰ ਕਾਰਡ ਦੇ ‘ਪਰੂਫ ਆਫ਼ ਅਡੈਂਟਿਟੀ’ ਅਤੇ ‘ਪਰੂਫ ਆਫ਼ ਐਡਰੈਸ’ ਦਸਤਾਵੇਜ਼ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਲਈ ਸੇਵਾ ਕੇਂਦਰਾਂ ਵਿੱਚ ਕੇਵਲ 50 ਰੁਪਏ ਦੀ ਫ਼ੀਸ ਅਦਾ ਕਰਕੇ ਇਹ ਸੇਵਾ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਹੁਣ ਜ਼ਿਲ੍ਹਾ ਫ਼ਰੀਦਕੋਟ ਦੇ ਵਸਨੀਕ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਆਪਣੇ ਆਧਾਰ ਕਾਰਡ ਦੀ ‘ਪਰੂਫ ਆਫ਼ ਅਡੈਂਟਿਟੀ ਅਤੇ ‘ਪਰੂਫ ਆਫ਼ ਐਡਰੈਸ’ ਦੀ ਅਪਡੇਸ਼ਨ ਕਰਵਾ ਸਕਣਗੇ ਅਤੇ ਇਸ ਸੇਵਾ ਲਈ ਉਨ੍ਹਾਂ ਨੂੰ ਸੇਵਾ ਕੇਂਦਰ ਨੂੰ ਕੇਵਲ 50 ਰੁਪਏ ਫੀਸ ਅਦਾ ਕਰਨੀ ਪਵੇਗੀ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਮੌਕੇ 12 ਸੇਵਾ ਕੇਂਦਰ ਕੰਮ ਕਰ ਰਹੇ ਹਨ, ਜਿੱਥੇ ਇਹ ਸੁਵਿਧਾ ਹਾਸਲ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਸੇਵਾਵਾਂ ਲੈਣ ਲਈ ਨਾਗਰਿਕਾਂ ਵੱਲੋਂ ਫਾਰਮ ਭਰਿਆ ਜਾਂਦਾ ਸੀ ਪ੍ਰੰਤੂ ਪ੍ਰਸ਼ਾਸ਼ਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ ਤੋਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਹੁਣ ਨਾਗਰਿਕਾਂ ਨੂੰ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਫਾਰਮ ਭਰਨ ਦੀ ਜਰੂਰਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਨਾਗਰਿਕ ਆਪਣੀ ਸ਼ਨਾਖਤ ਅਤੇ ਪਤੇ ਦਾ ਅਸਲ ਪਰੂਫ ਦੇ ਆਧਾਰ ਤੇ ਅਤੇ ਸੇਵਾ ਨਾਲ ਸਬੰਧਤ ਦਸਤਾਵੇਜਾਂ ਨਾਲ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ।