Breaking- ਹਥਿਆਰਬੰਦ ਸੈਨਾ ਝੰਡਾ ਦਿਵਸ 2022 ਮਨਾਇਆ ਗਿਆ
ਫਰੀਦਕੋਟ, 7 ਦਸੰਬਰ – (ਪੰਜਾਬ ਡਾਇਰੀ) ਜਿ਼ਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਫਰੀਦਕੋਟ ਵੱਲੋਂ ਹਥਿਆਰਬੰਦ ਸੈਨਾ ਝੰਡਾ ਦਿਵਸ 2022 ਮਨਾਇਆ ਗਿਆ। ਇਸ ਮੌਕੇ ਅਮਲੇ ਵੱਲੋਂ ਡਾ. ਰੂਹੀ ਦੁੱਗ, ਆਈ.ਏ.ਐਸ. ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜਿ਼ਲ੍ਹਾ ਸੈਨਿਕ ਬੋਰਡ ਫਰੀਦਕੋਟ ਨੂੰ ਲੈਪਲ ਬੈਜ ਲਗਾ ਕੇ ਇਸ ਦਾ ਸ਼ੁਭ ਆਰੰਭ ਕੀਤਾ ਗਿਆ ਅਤੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਵੱਲੋਂ ਸੰਨ 1987-1989 ਦੀ ਜੰਗ (ਆਪ੍ਰੇਸ਼ਨ ਪਵਨ ਸ਼੍ਰੀਲੰਕਾ) ਦੇ ਸ਼ਹੀਦਾਂ ਦੀ ਯਾਦ ਵਿੱਚ ਤਿਆਰ ਕੀਤਾ ਗਿਆ ਟੇਬਲ ਕੈਲੰਡਰ ਵੀ ਜਾਰੀ ਕੀਤਾ।
ਡਿਪਟੀ ਕਮਿਸ਼ਨਰ ਵੱਲੋਂ ਝੰਡਾ ਦਿਵਸ ਫੰਡ ਦੀ ਮਹੱਤਤਾ ਬਾਰੇ ਦੱਸਦਿਆਂ ਖੁਦ ਯੋਗਦਾਨ ਪਾਇਆ ਗਿਆ ਅਤੇ ਸਾਰਿਆਂ ਨੂੰ ਇਸ ਆਦਰਸ਼ ਮੰਤਵ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
ਇਸ ਉਪਰੰਤ ਦਫਤਰ, ਜਿ਼ਲ੍ਹਾ ਰੱਖਿਆ ਸੇਵਾਵਾਂ ਭਲਾਈ ਕੰਪਲੈਕਸ, ਫਰੀਦਕੋਟ ਵਿਖੇ ਸਾਬਕਾ ਸੈਨਿਕਾਂ / ਆਸ਼ਰਿਤਾਂ ਦੇ ਕੀਤੇ ਗਏ ਇਕੱਠ ਦੌਰਾਨ ਸੂਬੇਦਾਰ ਮੇਜਰ ਮੰਦਰ ਸਿੰਘ (ਰਿਟਾ), ਸੈਨਿਕ ਵੈਲਫੇਅਰ ਆਰਗੇਨਾਈਜ਼ਰ ਵੱਲੋਂ ਸਮੂਹ ਹਾਜ਼ਰੀਨ ਨੂੰ ਜੀ ਆਇਆ ਕਿਹਾ ਗਿਆ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋ ਫਲੈਗ ਡੇ ਫੰਡ ਵਿੱਚੋ ਸ਼ਹੀਦਾਂ ਸੈਨਿਕਾਂ ਦੇ ਪਰਿਵਾਰਾਂ ਅਤੇ ਹੋਰ ਲੋੜਵੰਦ ਸਾਬਕਾ ਸੈਨਿਕਾਂ/ ਉਹਨਾਂ ਦੇ ਆਸ਼ਰਿਤਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।