Breaking- ਗੈਂਗਸਟਰ ਦੀ ਧਮਕੀ ਮਿਲਣ ਤੋਂ ਬਾਅਦ ਸਪੈਸ਼ਲ ਸੈਲ ਦੇ 12 ਪੁਲਿਸ ਮੁਲਾਜ਼ਮਾਂ ਨੂੰ ਮਿਲੀ 24 ਘੰਟੇ ਦੀ ਕਮਾਂਡੋ ਸੁਰੱਖਿਆ
ਨਵੀਂ ਦਿੱਲੀ, 14 ਦਸੰਬਰ – (ਬਾਬੂਸ਼ਾਹੀ ਨੈਟਵਰਕ) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮਾਂ ਨੂੰ ਫੜਨ ਵਾਲੇ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੇ 12 ਮੁਲਾਜ਼ਮਾਂ ਨੂੰ 24 ਘੰਟੇ ਦੀ ਸੁਰੱਖਿਆ ਮੁਹੱਈਆ ਕਰਵਾਈ ਗਈਹੈ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਕੈਨੇਡਾ ਦੇ ਗੈਂਗਸਟਰ ਲਖਬੀਰ ਸਿੰਘ ਲੰਡਾ ਤੋਂ ਧਮਕੀਆਂ ਮਿਲੀਆਂ ਹਨ। ਦਿੱਲੀ ਪੁਲਿਸ ਦੇ ਕਮਿਸ਼ਨਰ ਸੰਜੇ ਅਰੋੜਾ ਨੇ ਸਪੈਸ਼ਲ ਸੀ ਪੀ ਹਰਗੋਬਿੰਦਰ ਸਿੰਘ ਧਾਲੀਵਾਲ, ਡੀ ਸੀ ਪੀ ਮਨੀਸ਼ ਚੰਦਰਾ ਤੇ ਰਾਜੀਵ ਰੰਜਨ ਨੂੰ ਵਾਈ ਕੈਟਾਗਿਰੀ ਸੁਰੱਖਿਆ ਦੇਣ ਦੀ ਪ੍ਰਵਾਨਗੀ ਦਿੱਤੀ ਹੈ। ਸਪੈਸ਼ਲ ਸੈਲ ਦਿੱਲੀ ਪੁਲਿਸ ਦਾ ਅਤਿਵਾਦ ਵਿਰੋਧੀ ਯੂਨਿਟ ਹੈ। ਇਸ ਵੇਲੇ ਰੰਜਨ ਦੋ ਯੂਨਿਟਾਂ ਦੀ ਅਗਵਾਈ ਕਰ ਰਹੇਹਨ ਜਦੋਂ ਕਿ ਚੰਦਰਾ ਪੁਲਿਸ ਕਮਿਸ਼ਨਰ ਦੇ ਸਟਾਫ ਅਫਸਰ ਹਨ।
ਇਹਨਾ ਤੋਂ ਇਲਾਵਾ ਚਾਰ ਏ ਸੀ ਪੀ ਤੇ ਪੰਜ ਇੰਸਪੈਕਟਰਾਂ ਨੂੰ ਵੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਜਿਹਨਾਂ ਦੇ ਨਾਲ ਹਥਿਆਰਬੰਦ ਪੁਲਿਸ ਕਮਾਂਡੋ ਤਾਇਨਾਤ ਰਹਿਣਗੇ। ਆਮ ਤੌਰ ’ਤੇ ਵਾਈ ਕੈਟਾਗਿਰੀ ਸੁਰੱਖਿਆ ਕੈਬਨਿਟ ਮੰਤਰੀਆਂ, ਮੁੱਖ ਮੰਤਰੀਆਂ, ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ ਤੇ ਸੀਨੀਅਰ ਸਿਆਸਤਦਾਨਾਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ।
ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਲਖਬੀਰ ਸਿੰਘ ਲੰਡਾ 2017 ਤੋਂ ਕੈਨੇਡਾ ਵਿਚ ਹੈ ਤੇ ਉਹ ਹਰਵਿੰਦਰ ਸਿੰਘ ਰਿੰਦਾ ਦਾ ਪੁਰਾਣਾ ਸਾਥੀ ਹੈ।