Breaking- ਫਰੀਦਕੋਟ ਜ਼ਿਲ੍ਹੇ ‘ਚ 11 ਫਰਵਰੀ 2023 ਨੂੰ ਲੱਗੇਗੀ ਕੌਮੀ ਲੋਕ ਅਦਾਲਤ -ਜ਼ਿਲ੍ਹਾ ਤੇ ਸੈਸ਼ਨ ਜੱਜ
ਆਮ ਜਨਤਾ ਨੂੰ ਨੈਸ਼ਨਲ ਲੋਕ ਅਦਾਲਤ ਦਾ ਵੱਧ ਤੋਂ ਵੱਧ ਫਾਇਦਾ ਲੈਣ ਦੀ ਅਪੀਲ
ਫਰੀਦਕੋਟ, 15 ਦਸੰਬਰ – (ਪੰਜਾਬ ਡਾਇਰੀ) ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ (ਮੋਹਾਲੀ) ਦੇ ਕਾਰਜਕਾਰੀ ਚੇਅਰਮੈਨ ਦੀਆਂ ਹਦਾਇਤਾਂ ਅਨੁਸਾਰ ਸ੍ਰੀਮਤੀ ਰਮੇਸ਼ ਕੁਮਾਰੀ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਦੀ ਅਗਵਾਈ ਹੇਠ ਮਿਤੀ 11 ਫਰਵਰੀ 2023 ਨੂੰ ਕੌਮੀ ਲੋਕ ਅਦਾਲਤ ਦਾ ਆਯੋਜਨ ਜ਼ਿਲ੍ਹਾ ਕਚਹਿਰੀਆਂ ਫਰੀਦਕੋਟ ਵਿਖੇ ਕੀਤਾ ਜਾਵੇਗਾ।
ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ‘ਵਿੱਚ ਜ਼ਮੀਨ ਗ੍ਰਹਿਣ ਕਰਨ ਦੀਆਂ ਕਾਰਵਾਈਆਂ, ਸਥਾਈ ਲੋਕ ਅਦਾਲਤ ਵਿੱਚ ਸ਼ਿਕਾਇਤਾਂ/ਪਟੀਸ਼ਨਾਂ, ਐਸ.ਏ.ਸੀ.ਟੀ. ਕਲੇਮ ਪਟੀਸ਼ਨ ਅਤੇ ਐਗਜ਼ੀਕਿਊਸ਼ਨ, ਪਰਿਵਾਰਕ ਅਦਾਲਤਾਂ ਵਿੱਚ ਪਰਿਵਾਰਕ ਮਾਮਲੇ, ਮਜ਼ਦੂਰ ਵਿਵਾਦ, ਟ੍ਰੈਫਿਕ ਚਲਾਨ, ਮਿਸ਼ਰਤ ਅਪਰਾਧ,ਬਿਜਲੀ ਐਕਟ ਤਹਿਤ ਦਰਜ ਐਫ.ਆਈ.ਆਰ, ਐਨ.ਆਈ.ਏ ਅਧੀਨ ਸ਼ਿਕਾਇਤਾਂ, ਰਿਕਵਰੀ ਸੂਟ, ਪ੍ਰੀ-ਲਿਟੀਗੇਟਿਵ ਕੇਸ,ਕਿਸੇ ਵੀ ਹੋਰ ਕਿਸਮ ਦੇ ਕੇਸ ਨਾਲ ਸਬੰਧਿਤ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਲਈ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਮਿਤੀ 11-02-2023 ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਦਾ ਵੱਧ ਤੋਂ ਵੱਧ ਫਾਇਦਾ ਲੈਣ।