Breaking- ਬੱਚਿਆਂ ਦੀ ਸੁਰੱਖਿਆ ਲਈ ਬਣੇ ਕਾਨੂੰਨਾਂ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਫਰੀਦਕੋਟ, 22 ਦਸੰਬਰ – (ਪੰਜਾਬ ਡਾਇਰੀ) ਜਿਲ੍ਹਾ ਬਾਲ ਸੁਰੱਖਿਆ ਯੂਨਿਟ ਫਰੀਦਕੋਟ ਅਤੇ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਜੁਵੇਨਾਇਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ 2015 ਅਤੇ ਪੌਕਸੋ ਐਕਟ 2012 ਸਬੰਧੀ ਇੱਕ ਸਿਖਲਾਈ ਕਮ ਜਾਗਰੂਕਤਾ ਪ੍ਰੋਗਰਾਮ ਪੁਲਿਸ ਲਾਈਨ ਦੇ ਕਾਨਫਰੰਸ ਹਾਲ ਵਿੱਚ ਕਰਵਾਇਆ ਗਿਆ। ਇਸ ਸਿਖਲਾਈ ਪ੍ਰੋਗਰਾਮ ਵਿੱਚ ਸ. ਗੁਰਮੀਤ ਸਿੰਘ ਬਰਾੜ ਡੀ.ਐਸ.ਪੀ ਅਤੇ ਗੁਰਪ੍ਰੀਤ ਸਿੰਘ ਚੌਹਾਨ ਮੈਂਬਰ ਜੇ.ਜੇ.ਬੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਬੱਚਿਆਂ ਦੇ ਕੇਸਾਂ ਸਬੰਧੀ ਆਉਂਦੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ।
ਇਸ ਮੌਕੇ ਸ਼੍ਰੀ ਅਮਨਦੀਪ ਸਿੰਘ ਸੋਢੀ ਜਿਲ੍ਹਾ ਬਾਲ ਸੁਰੱਖਿਆ ਅਫਸਰ ਫਰੀਦਕੋਟ ਵੱਲੋਂ ਸੋਸ਼ਣ ਦਾ ਸ਼ਿਕਾਰ, ਅਣਗੋਲੇ ਅਤੇ ਲੋੜਵੰਦ ਬੱਚਿਆਂ ਦੇ ਆਉਣ ਵਾਲੇ ਕੇਸਾਂ ਦੇ ਨਿਪਟਾਰੇ ਸਬੰਧੀ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਜਾਣੂੰ ਕਰਵਾਇਆ ਗਿਆ ਅਤੇ ਇਹਨਾਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਅਤੇ ਬਾਲ ਭਲਾਈ ਕਮੇਟੀ ਫਰੀਦਕੋਟ ਦੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ।ਸ਼੍ਰੀ ਭੁਵਨੇਸ਼ ਕੁਮਾਰ ਲੀਗਲ ਕਮ ਪ੍ਰੋਬੇਸ਼ਨ ਅਫਸਰ, ਫਰੀਦਕੋਟ ਵੱਲੋਂ ਜੁਵੇਨਾਇਲ ਜਸਟਿਸ ਐਕਟ 2015 ਅਤੇ ਪੌਕਸੋ ਐਕਟ 2012 ਦੇ ਸਬੰਧ ਵਿੱਚ ਵਿਸਥਾਰ ਪੂਰਵਕ ਢੰਗ ਨਾਲ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਇਹਨਾਂ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਇਸ ਮੌਕੇ ਐਸ.ਆਈ ਗੁਰਮੀਤ ਕੌਰ ਇੰਚਾਰਜ ਵੂਮੈਨ ਸੈਲ, ਫਰੀਦਕੋਟ ਅਤੇ ਪੁਲਿਸ ਵਿਭਾਗ ਦੇ ਹੋਰ ਨੁੰਮਾਇੰਦੇ ਵੀ ਹਾਜ਼ਰ ਹੋਏ।