Breaking- ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਰਹਿੰਦੇ ਪ੍ਰੋਜੈਕਟਾਂ ਨੂੰ ਜਲਦ ਮੁਕੰਮਲ ਕੀਤਾ ਜਾਵੇ-ਸੰਧਵਾਂ
ਜਿਲੇ ਵਿੱਚ ਚੱਲ ਰਹੇ ਵਾਟਰ ਸਪਲਾਈ ਅਤੇ ਸੀਵਰੇਜ ਪ੍ਰੋਜੈਕਟ ਦੇ ਕੰਮਾਂ ਦੀ ਸਮੀਖਿਆ ਲਈ ਸਪੀਕਰ ਸੰਧਵਾਂ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ
ਫਰੀਦਕੋਟ, 5 ਜਨਵਰੀ – (ਪੰਜਾਬ ਡਾਇਰੀ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਜਿਲ੍ਹੇ ਵਿਚ ਨਗਰ ਕੌਂਸਲ ਦੇ ਅਧੀਨ ਆਉਂਦੇ ਇਲਾਕਿਆਂ/ਕਾਲੋਨੀਆਂ ਵਿੱਚ 210 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਸੀਵਰੇਜ ਤੇ ਪੀਣ ਵਾਲੇ ਪਾਣੀ ਆਦਿ ਦੀ ਸਪਲਾਈ ਦੇ ਰਹਿੰਦੇ ਪ੍ਰੋਜੈਕਟਾਂ ਨੂੰ ਜਲਦ ਮੁਕੰਮਲ ਕੀਤਾ ਜਾਵੇ । ਉਨ੍ਹਾਂ ਇਸ ਸਬੰਧ ਵਿੱਚ ਵਾਟਰ ਸਪਲਾਈ, ਸੀਵਰੇਜ ਬੋਰਡ ਅਤੇ ਪ੍ਰੋਜੈਕਟਾਂ ਤੇ ਕੰਮ ਕਰ ਰਹੀ ਸ਼ਾਹਪੁਰਜੀ ਪਲੌਂਜੀ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਗੈਸਟ ਹਾਊਸ ਵਿੱਚ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਇਸ ਸਬੰਧੀ ਆਦੇਸ਼ ਵੀ ਜਾਰੀ ਕੀਤੇ। ਇਸ ਮੌਕੇ ਐਸ.ਡੀ.ਐਮ. ਕੋਟਕਪੂਰਾ ਮੈਡਮ ਵੀਰਪਾਲ ਕੌਰ, ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਸ. ਸੁਖਜੀਤ ਸਿੰਘ ਢਿੱਲਵਾਂ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਇਸ ਮੌਕੇ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਹਰ ਹਾਲ ਵਿੱਚ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸ਼ਹਿਰ ਵਿੱਚ ਛੱਪੜਾਂ ਦੀ ਸਫਾਈ ਨੂੰ ਵੀ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਹਿਰ ਵਿੱਚ ਚੱਲ ਰਹੇ ਵੱਖ ਵੱਖ ਵਿਕਾਸ ਕਾਰਜਾਂ, ਸੜਕਾਂ, ਇੰਟਰਲਾਕਿੰਗ ਆਦਿ ਕੰਮਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਸਖਤ ਆਦੇਸ਼ ਦਿੱਤੇ ਕਿ ਜਿਹੜੇ ਵੀ ਅਧਿਕਾਰੀ ਇਨ੍ਹਾਂ ਕੰਮਾਂ ਵਿੱਚ ਅਣਗਹਿਲੀ ਕਰਨਗੇ , ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਨਗਰ ਕੌਂਸਲ ਕੋਟਕੂਪਰਾ ਵਿਖੇ 95.20 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਸੀਵਰੇਜ਼ ਪ੍ਰੋਜੈਕਟਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਐਸ.ਡੀ.ਐਮ. ਮੈਡਮ ਵੀਰਪਾਲ ਕੌਰ ਨੇ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੂੰ ਯਕੀਨ ਦਵਾਇਆ ਕਿ ਜਿੰਨਾ ਖੇਤਰਾਂ ਵਿੱਚ ਸੀਵਰੇਜ ਪਾਉਣ ਦਾ ਕੰਮ ਰਹਿੰਦਾ ਹੈ, ਉੱਥੇ ਜਲਦ ਹੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।
ਇਸ ਮੌਕੇ ਨਿਗਰਾਨ ਇੰਜਨੀਅਰ ਸੰਦੀਪ ਸਿੰਘ ਰੋਮਾਣਾ, ਐਕਸੀਅਨ ਸੀਵਰੇਜ ਬੋਰਡ ਜੀ.ਪੀ. ਸਿੰਘ, ਈ.ਓ ਕੋਟਕਪੂਰਾ ਸ੍ਰੀ ਅਮਰਿੰਦਰ ਸਿੰਘ, ਐਸ.ਡੀ.ਓ ਗੁਰਪਾਲ ਸਿੰਘ, ਜੇ.ਈ. ਪ੍ਰਵੇਸ਼ ਕੁਮਾਰ, ਪੀ.ਆਰ.ਓ. ਮਨਪ੍ਰੀਤ ਸਿੰਘ ਧਾਲੀਵਾਲ ,ਪੀ.ਏ. ਅਮਨਦੀਪ ਸਿੰਘ ਸੰਧੂ, ਰਤਨ ਅਗਰਵਾਲ, ਮੈਨੇਜਰ ਸ਼ਾਹਪੁਰਜੀ ਕਲੌਂਜੀ ਅਰਨਵ ਭੱਟਾਚਾਰੀਆ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।