Breaking- ਅਫ਼ਸਰਸ਼ਾਹੀ ਦੀ ਹੜਤਾਲ ਕੋਈ ਪੰਜਾਬ ਦੇ ਭਲੇ ਲਈ ਨਹੀਂ ਸਗੋਂ ਭ੍ਰਿਸ਼ਟਾਚਾਰ ਦੇ ਕੇਸਾਂ ਤੋਂ ਬਰੀ ਹੋਣ ਲਈ ਕੀਤੀ ਜਾ ਰਹੀ ਹੈ, ਮਾਨ ਸਰਕਾਰ ਛੁੱਟੀ ਤੇ ਗਏ ਪੀ ਸੀ ਐਸ ਅਫ਼ਸਰਸ਼ਾਹੀ ਦੀ ਉਮਰ ਭਰ ਲਈ ਛੁੱਟੀ ਕਰ ਦੇਵੇ – ਮਜ਼ਦੂਰ ਮੁਕਤੀ ਮੋਰਚਾ
ਸੰਗਰੂਰ /ਚੰਡੀਗੜ੍ਹ, 11 ਜਨਵਰੀ – (ਬਾਬੂਸ਼ਾਹੀ ਬਿਊਰੋ) ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚੋਂ ਬਚਣ ਲਈ ਹੜਤਾਲ ਕਰਕੇ ਸਮੂਹਿਕ ਛੁੱਟੀ ਤੇ ਗਏ ਪੀ ਸੀ ਐੱਸ ਅਫ਼ਸਰਸ਼ਾਹੀ ਨੂੰ ਉਮਰ ਭਰ ਲਈ ਛੁੱਟੀ ਤੇ ਭੇਜ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇਵੇ। ਇਹ ਮੰਗ ਆਪ ਦੀ ਭਗਵੰਤ ਮਾਨ ਸਰਕਾਰ ਤੋਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਕੀਤੀ ਗਈ ਹੈ।
ਇਸ ਸੰਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਅਤੇ ਸੂਬਾ ਸਕੱਤਰ ਹਰਵਿੰਦਰ ਸਿੰਘ ਸੇਮਾ ਨੇ ਕਿਹਾ ਕਿ ਪੰਜਾਬ ਦੀ ਸਥਾਈ ਸਰਕਾਰ ਦੀ ਕੁਰਸੀਆਂ ਉਪਰ ਬੈਠੀ ਵੱਡੀ ਅਫ਼ਸਰਸ਼ਾਹੀ ਨੇ ਸੱਤਾਧਾਰੀ ਸਿਆਸੀ ਪਾਰਟੀਆਂ ਦੇ ਲੀਡਰਾਂ ਨਾਲ ਮਿਲੀ ਭੁਗਤ ਕਰਕੇ ਜਿਥੇ ਆਪਣੀਆਂ ਤਨਖਾਹਾਂ ਲੱਖਾਂ ਰੁਪਏ ਕਰਕੇ ਆਪਣੇ ਲਈ ਤਮਾਮ ਐਸ਼ੋ ਇਸ਼ਰਤ ਦਾ ਅਨੰਦ ਮਾਣ ਰਹੇ ਹਨ ਉਥੇ ਪੰਜਾਬ ਤੇ ਪੰਜਾਬੀਆਂ ਨੂੰ ਦੋਵੇਂ ਹੱਥੀਂ ਲੁੱਟ ਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਜਾਇਦਾਦ ਇੱਕਠੀਆਂ ਕਰ ਲਈ ਹੈ।
ਉਨ੍ਹਾਂ ਕਿਹਾ ਕਿ ਅਫ਼ਸਰਸ਼ਾਹੀ ਦੀ ਹੜਤਾਲ ਕੋਈ ਪੰਜਾਬ ਦੇ ਭਲੇ ਲਈ ਨਹੀਂ ਸਗੋਂ ਭ੍ਰਿਸ਼ਟਾਚਾਰ ਦੇ ਕੇਸਾਂ ਤੋਂ ਬਰੀ ਹੋਣ ਲਈ ਕੀਤੀ ਹੈ। ਇਸ ਲਈ ਪੰਜਾਬ ਦੀ ਮਾਨ ਸਰਕਾਰ ਛੁੱਟੀ ਤੇ ਗਏ ਪੀ ਸੀ ਐਸ ਅਫ਼ਸਰਸ਼ਾਹੀ ਨੂੰ ਉਮਰ ਭਰ ਲਈ ਛੁੱਟੀ ਤੇ ਭੇਜ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇਣ ਤਾਂ ਜੋ ਪੰਜਾਬ ਨੂੰ ਲੁੱਟ ਰਹੀ ਭ੍ਰਿਸ਼ਟਾਚਾਰ ਅਫ਼ਸਰਸ਼ਾਹੀ ਨੂੰ ਸਬਕ਼ ਸਿਖਾਇਆ ਜਾਵੇ। ਉਨ੍ਹਾਂ ਸਮੂਹ ਲੋਕ ਪੱਖੀ ਜਥੇਬੰਦੀਆਂ ਨੂੰ ਪੀ ਸੀ ਐੱਸ ਅਫ਼ਸਰਸ਼ਾਹੀ ਦੀ ਹੜਤਾਲ ਦਾ ਵਿਰੋਧ ਕਰਨ ਦੀ ਅਪੀਲ ਵੀ ਕੀਤੀ ਹੈ।