Breaking- ਵੱਡੀ ਖ਼ਬਰ – ਜ਼ਿਲ੍ਹੇ ਅੰਦਰ ਸਿੰਥੈਟਿਕ/ਪਲਾਸਟਿਕ ਦੀ ਡੋਰ, ਚਾਈਨਾ ਡੋਰ, ਮਾਂਜਾ ਨੂੰ ਵੇਚਣ, ਖਰੀਦਣ, ਸਟੋਰ ਕਰਨ ਵਾਲਿਆ ਵਿਰੁੱਧ 4 ਪਰਚੇ ਕੀਤੇ ਦਰਜ- ਡਿਪਟੀ ਕਮਿਸ਼ਨਰ
ਜਿਲ੍ਹੇ ਅੰਦਰ ਚਾਈਨਾ ਡੋਰ ਦੀ ਰੋਕਥਾਮ ਲਈ ਗਠਿਤ ਟੀਮਾਂ ਨੂੰ ਚੈਕਿੰਗ ਸਬੰਧੀ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼
ਜ਼ਿਲ੍ਹਾ ਵਾਸੀਆਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਕੀਤੀ ਅਪੀਲ
ਫਰੀਦਕੋਟ, 20 ਜਨਵਰੀ – (ਪੰਜਾਬ ਡਾਇਰੀ) ਜ਼ਿਲ੍ਹੇ ਅੰਦਰ ਪਤੰਗ ਉਡਾਉਣ ਲਈ ਵਰਤੋਂ ਵਿੱਚ ਲਿਆਂਦੀ ਜਾਣ ਵਾਲੀ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ, ਚਾਈਨਾ ਡੋਰ ਅਤੇ ਮਾਂਜਾ ਆਦਿ ਨੂੰ ਵੇਚਣ, ਖਰੀਦਣ, ਸਟੋਰ ਕਰਨ ਵਾਲਿਆ ਖਿਲਾਫ ਹੁਣ ਤੱਕ 4 ਪਰਚੇ ਦਰਜ ਕੀਤੇ ਗਏ ਹਨ। ਇਸ ਸਬੰਧ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਫਰੀਦਕੋਟ ਡਾ. ਰੂਹੀ ਦੁੱਗ ਨੇ ਦੱਸਿਆ ਕਿ ਇਸ ਤੇ ਰੋਕ ਲਗਾਉਣ ਲਈ ਬਣਾਈ ਗਈ ਕਮੇਟੀ ਜਿਸ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪੁਲਿਸ, ਕਾਰਜ ਸਾਧਕ ਅਫਸਰ, ਨਗਰ ਕੌਂਸਲ ਅਤੇ ਹੋਰ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਹਨ, ਨੂੰ ਮਿਲ ਕੇ ਚਾਈਨਾ ਡੋਰ ਦੀ ਖਰੀਦ/ਵਿਕਰੀ ਤੇ ਵਰਤੋਂ ਆਦਿ ਵਿਰੁੱਧ ਲਗਾਤਾਰ ਚੈਕਿੰਗ ਤੇਜ਼ ਕਰਨ ਸਬੰਧੀ ਨਿਰਦੇਸ਼ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਫਰੀਦਕੋਟ ਨੇ ਦੱਸਿਆ ਕਿ ਹੁਣ ਤੱਕ ਜਿਲ੍ਹੇ ਅੰਦਰ 04 ਪਰਚੇ ਥਾਣਾ ਸਿਟੀ ਫਰੀਦਕੋਟ, ਥਾਣਾ ਸਦਰ ਕੋਟਕਪੂਰਾ, ਥਾਣਾ ਸਿਟੀ ਕੋਟਕਪੂਰਾ ਅਤੇ ਥਾਣਾ ਜੈਤੋ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਡੋਰ ਬਹੁਤ ਹੀ ਘਾਤਕ ਅਤੇ ਜਾਨਲੇਵਾ ਹੈ। ਪਤੰਗ/ਗੁੱਡੀਆਂ ਉਡਾਉਣ ਲਈ ਜਿਹੜੀ ਡੋਰ ਦੀ ਵਰਤੋਂ ਕੀਤੀ ਜਾਂਦੀ ਹੈ, ਉਹ ਸੂਤੀ ਡੋਰ ਤੋਂ ਹੱਟ ਕੇ ਨਾਈਲੋਨ ਤੋਂ ਬਣੀ ਚਾਈਨੀਜ਼ ਡੋਰ ਅਤੇ ਮਾਂਜਾ ਡੋਰ ਇਸਤੇਮਾਲ ਹੋ ਰਹੀ ਹੈ। ਉਨਾਂ ਦੱਸਿਆ ਕਿ ਇਹ ਡੋਰ ਪਤੰਗਬਾਜ਼ੀ ਸਮੇਂ ਪਤੰਗ/ਗੁੱਡੀਆਂ ਉਡਾਉਣ ਵਾਲਿਆਂ ਦੇ ਹੱਥ ਅਤੇ ਉਂਗਲਾਂ ਕੱਟ ਦਿੰਦੀ ਹੈ। ਇਸ ਤੋਂ ਇਲਾਵਾ ਸਾਈਕਲ ਅਤੇ ਸਕੂਟਰ ਚਾਲਕਾਂ ਦੇ ਗਲ ਅਤੇ ਕੰਨ ਕੱਟੇ ਜਾਣ, ਉੱਡਦੇ ਪੰਛੀਆਂ ਦੇ ਫਸ ਜਾਣ ਤੇ ਉਨਾਂ ਦੇ ਮਰਨ/ਜ਼ਖ਼ਮੀ ਹੋਣ ਬਾਰੇ ਵੀ ਘਟਨਾਵਾਂ ਵਾਪਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਡੋਰ ਵਿੱਚ ਫਸਣ ਕਾਰਨ ਪੰਛੀਆਂ ਅਤੇ ਜਾਨਵਰਾਂ ਦੀ ਮੌਤ ਹੋ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਸਮੂਹ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਅਤੇ ਹੋਰਾਂ ਨੂੰ ਵੀ ਇਸ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰਨ।ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਇਸ ਦੀ ਵਿਕਰੀ, ਵਰਤੋਂ ਅਤੇ ਸਟੋਰੇਜ਼ ਕਰਦਾ ਪਾਇਆ ਜਾਂਦਾ ਹੈ ਕਿ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।