ਵੱਡੀ ਖ਼ਬਰ – ਕੋਟਕਪੂਰਾ ਰੇਲਵੇ ਸਟੇਸ਼ਨ ਸਮੇਤ ਕਈ ਹੋਰ ਰੇਲਵੇ ਸਟੇਸ਼ਨਾਂ ਦੀ ਨੁਹਾਰ ਬਦਲਣ ਜਾ ਰਹੀ, ਕਰੀਬ 15 ਕਰੋੜ ਰੁਪਏ ਖਰਚੇ ਜਾਣਗੇ-: ਸੁਨੀਤਾ ਗਰਗ
ਕੋਟਕਪੂਰਾ, 6 ਫਰਵਰੀ – (ਬਾਬੂਸ਼ਾਹੀ ਬਿਊਰੋ) ਰੇਲਵੇ ਵੱਲੋਂ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ਦੀ ਤਸਵੀਰ ਬਦਲਣ ਲਈ ਕੰਮ ਕੀਤਾ ਜਾ ਰਿਹਾ ਹੈ, ਹੁਣ ਕੋਟਕਪੂਰਾ ਰੇਲਵੇ ਸਟੇਸ਼ਨ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਨਾਲ ਜੋੜਿਆ ਜਾ ਰਿਹਾ ਹੈ। ਇਸ ਵਿੱਚ ਕਰੀਬ 15 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਰਕਮ ਖਰਚ ਹੋਣ ਤੋਂ ਬਾਅਦ ਇਸ ਜਗ੍ਹਾ ਦੀ ਤਸਵੀਰ ਬਦਲੇਗੀ, ਰੇਲਵੇ ਯਾਤਰੀਆਂ ਦੀਆਂ ਸਹੂਲਤਾਂ ਵਧਣਗੀਆਂ।
ਇਹ ਜਾਣਕਾਰੀ ਸਾਂਝੀ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੀ ਸੁੱਬਾ ਸੱਕਤਰ ਸੁਨੀਤਾ ਗਰਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰੇਲ ਮੰਤਰਾਲਾ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ, ਸਟੇਸ਼ਨਾਂ ਦੇ ਆਧੁਨਿਕੀਕਰਨ ਅਤੇ ਪੁਨਰ ਵਿਕਾਸ ਦੀ ਯੋਜਨਾ ਦੇ ਤਹਿਤ ਕੁਝ ਵੱਡੇ ਰੇਲਵੇ ਸਟੇਸ਼ਨਾਂ ਨੂੰ ਜਲਦੀ ਤੋਂ ਜਲਦੀ ਮੁਸਾਫਰਾਂ ਲਈ ਉਪਲਬਧ ਕਰਾਉਣ ਲਈ ਕੰਮ ਕਰ ਰਿਹਾ ਹੈ। ਰੇਲ ਮੰਤਰਾਲੇ ਦੇ ਅਨੁਸਾਰ, ਪੰਜਾਬ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਤੋਂ 31 ਅਜਿਹੇ ਰੇਲਵੇ ਸਟੇਸ਼ਨਾਂ ਦੀ ਪਛਾਣ ਕੀਤੀ ਗਈ ਹੈ।
ਇਨ੍ਹਾਂ ਵਿੱਚ ਚੰਡੀਗੜ੍ਹ, ਲੁਧਿਆਣਾ, ਜਲੰਧਰ ਕੈਂਟ, ਅੰਮ੍ਰਿਤਸਰ, ਬਿਆਸ, ਬਠਿੰਡਾ ਜੰਕਸ਼ਨ, ਜਲੰਧਰ ਸਿਟੀ, ਪਠਾਨਕੋਟ ਕੈਂਟ, ਅਬੋਹਰ, ਆਨੰਦਪੁਰ ਸਾਹਿਬ, ਫਾਜ਼ਿਲਕਾ, ਫ਼ਿਰੋਜ਼ਪੁਰ ਕੈਂਟ, ਗੁਰਦਾਸਪੁਰ, ਕੋਟਕਪੂਰਾ, ਕਪੂਰਥਲਾ, ਧੂਰੀ, ਢੰਡਾਰੀ ਕਲਾਂ, ਮਲੇਰਕੋਟਲਾ ਮੁਕਤਸਰ, ਮੋਗਾ, ਮਾਨਸਾ ਸ਼ਾਮਲ ਹਨ। ਨੰਗਲ ਡੈਮ, ਪਟਿਆਲਾ, ਫਗਵਾੜਾ, ਪਠਾਨਕੋਟ ਸਿਟੀ, ਫਿਲੂਰ, ਰੂਪ ਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ, ਸੰਗਰੂਰ, ਸਰਹਿੰਦ ਅਤੇ ਹੁਸ਼ਿਆਰਪੁਰ ਸਟੇਸ਼ਨ ਸ਼ਾਮਿਲ ਹਨ।
ਸੁਨੀਤਾ ਗਰਗ ਨੇ ਕਿਹਾ ਕਿ ਉਹ ਕੋਟਕਪੂਰਾ ਰੇਲਵੇ ਸਟੇਸ਼ਨ ਦੇ ਆਧੁਨਿਕੀਕਰਨ ਨੂੰ ਲੈਕੇ ਲਗਾਤਾਰ ਸੰਘਰਸ਼ ਕਰ ਰਹੀ ਸੀ। ਕੋਟਕਪੂਰਾ ਰੇਲਵੇ ਜੰਕਸ਼ਨ ‘ਤੇ ਮੁਸਾਫਰਾਂ ਨੂੰ ਹੁਣ ਬੁਨਿਆਦੀ ਸਹੂਲਤਾਂ ਲਈ ਤਰਸਣਾ ਨਹੀਂ ਪਵੇਗਾ। ਕਿਉਂਕਿ ਰੇਲਵੇ ਵੱਲੋਂ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਕੋਟਕਪੂਰਾ ਰੇਲਵੇ ਸਟੇਸ਼ਨ ’ਤੇ 15 ਕਰੋੜ ਰੁਪਏ ਖਰਚ ਕਰਕੇ ਇੱਥੋਂ ਦੇ ਸਟੇਸ਼ਨ ਦੀ ਦਿੱਖ ਬਦਲਣ ਜਾ ਰਹੀ ਹੈ।ਰੇਲਵੇ ਵਿਭਾਗ ਵੱਲੋਂ ਇੱਥੇ ਯਾਤਰੀਆਂ ਦੀਆਂ ਬੁਨਿਆਦੀ ਸਹੂਲਤਾਂ ਦਾ ਵੀ ਵਿਸਥਾਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਰੇਲਵੇ ਅਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਰੇਲਵੇ ਜੰਕਸ਼ਨ ਦੀ ਕਾਇਆ ਕਲਪ, ਪਲੇਟਫਾਰਮ ਨੂੰ ਲੰਬਾ ਕਰਨਾ, ਮਿੱਟੀ ਰਹਿਤ ਟ੍ਰੈਕ ਬਣਾਉਣਾ, ਰੇਲਵੇ ਸਟੇਸ਼ਨ ‘ਤੇ ਇੰਟਰਨੈਟ ਦੀ ਸਹੂਲਤ ਮੁਹੱਈਆ ਕਰਵਾਉਣਾ, ਯਾਤਰੀਆਂ ਲਈ ਪੈਦਲ ਚੱਲਣ ਵਾਲੇ ਵਾਕਵੇਅ ਦਾ ਨਿਰਮਾਣ, ਰੇਲਵੇ ਜੰਕਸ਼ਨ ਦੇ ਬਾਹਰ ਵਾਹਨਾਂ ਦੀ ਪਾਰਕਿੰਗ, ਰਾਤ ਦੇ ਸਮੇਂ ਵਿੱਚ ਰੇਲਵੇ ਸਟੇਸ਼ਨ ‘ਤੇ ਹਾਈ ਮੈਕਸ ਲਾਈਟਾਂ ਲਗਾ ਕੇ ਰੋਸ਼ਨੀ ਸਮੇਤ ਹੋਰ ਪ੍ਰਬੰਧਾਂ ਦਾ ਵਿਸਤਾਰ ਕੀਤਾ ਜਾਵੇਗਾ ਅਤੇ ਯਾਤਰੀਆਂ ਦੇ ਠਹਿਰਣ ਲਈ ਵੇਟਿੰਗ ਰੂਮ ਦੀ ਸਹੂਲਤ ਨੂੰ ਵੀ ਵਧਾਇਆ ਜਾਵੇਗਾ। ਇਸ ਦੇ ਨਾਲ ਹੀ ਇਸ ਯੋਜਨਾ ਤਹਿਤ ਰੇਲਵੇ ਸਟੇਸ਼ਨ ‘ਤੇ ਦਿਵਯਾਂਗ ਵਿਅਕਤੀਆਂ ਲਈ ਵਿਸ਼ੇਸ਼ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇਗਾ।
ਦੂੱਜੇ ਪਾਸੇ ਰੇਲਵੇ ਸੂਤਰਾਂ ਦੇ ਅਨੁਸਾਰ ਇਹ ਆਵਾਜਾਈ, ਕੰਮਾਂ ਦੀ ਆਪਸੀ ਤਰਜੀਹ ਅਤੇ ਫੰਡਾਂ ਦੀ ਉਪਲਬਧਤਾ ਦੇ ਅਧੀਨ ਇੱਕ ਨਿਰੰਤਰ ਪ੍ਰਕਿਰਿਆ ਹੈ ਅਤੇ ਇਹ ਕੰਮ ਆਮ ਤੌਰ ‘ਤੇ ਮੁੱਖ ਗਾਹਕ ਸਹੂਲਤਾਂ ਦੀ ਯੋਜਨਾਬੰਦੀ ਦੁਆਰਾ ਕੀਤੇ ਜਾਂਦੇ ਹਨ। ਕੰਮ ਦੇ ਆਕਾਰ, ਇਸਦੀ ਭੂਗੋਲਿਕ ਸਥਿਤੀ ਆਦਿ ਦੇ ਆਧਾਰ ‘ਤੇ ਕਾਰਜਾਂ ਨੂੰ ਕੁਸ਼ਲਤਾ ਨਾਲ ਚਲਾਉਣ ਦੀ ਯੋਜਨਾ ਬਣਾਈ ਗਈ ਹੈ। ਰੇਲਵੇ ਸਟੇਸ਼ਨਾਂ ਦਾ ਪੁਨਰ-ਵਿਕਾਸ ਇੱਕ ਗੁੰਝਲਦਾਰ ਪ੍ਰਕਿਰਿਆ ਹੈ ਜਿਸ ਵਿੱਚ ਯਾਤਰੀਆਂ ਅਤੇ ਰੇਲ ਗੱਡੀਆਂ ਦੀ ਸੁਰੱਖਿਆ ਸ਼ਾਮਲ ਹੈ ਅਤੇ ਇਸ ਲਈ ਸ਼ਹਿਰੀ ਅਤੇ ਸਥਾਨਕ ਸੰਸਥਾਵਾਂ ਆਦਿ ਤੋਂ ਵੱਖ-ਵੱਖ ਕਾਨੂੰਨੀ ਮਨਜ਼ੂਰੀਆਂ ਦੀ ਲੋੜ ਹੁੰਦੀ ਹੈ ਅਤੇ ਇਹ ਕਾਰਕ ਮੁਕੰਮਲ ਹੋਣ ਦੇ ਸਮੇਂ ਨੂੰ ਪ੍ਰਭਾਵਤ ਕਰਦੇ ਹਨ, ਇਸ ਲਈ ਕੋਈ ਸਮਾਂ ਸੀਮਾ ਨਿਰਧਾਰਤ ਨਹੀਂ ਕੀਤੀ ਜਾ ਸਕਦੀ।