Breaking- ਪ੍ਰਸ਼ਾਸਨ ਵੱਲੋਂ ਪੈਟਰੋਲ ਤੇ ਚੱਲਣ ਵਾਲੇ ਦੋ ਪਹੀਆ ਵਹੀਕਲਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਬੰਦ, ਪੜ੍ਹੋ ਖ਼ਬਰ
ਚੰਡੀਗੜ੍ਹ, 9 ਫਰਵਰੀ – ਚੰਡੀਗੜ੍ਹ ‘ਚ ਪੈਟਰੋਲ ‘ਤੇ ਚੱਲਣ ਵਾਲੇ ਦੋ ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ ਗਈ ਹੈ। ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ ਪੈਟਰੋਲ ‘ਤੇ ਚੱਲਣ ਵਾਲੇ ਦੋ ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ ਕੀਤੀ ਗਈ ਹੈ।
ਯੂ. ਟੀ. ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਇਲੈਕਟ੍ਰਿਕ ਪਾਲਿਸੀ ਦੇ ਤਹਿਤ ਪੈਟਰੋਲ ‘ਤੇ ਚੱਲਣ ਵਾਲੇ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ‘ਤੇ ਅਗਲੇ 5 ਸਾਲਾਂ ਲਈ ਕੈਪਿੰਗ ਲਾਈ ਗਈ ਸੀ। ਚਾਲੂ ਵਿੱਤੀ ਸਾਲ ਲਈ ਪੈਟਰੋਲ ‘ਤੇ ਚੱਲਣ ਵਾਲੇ ਵਾਹਨਾਂ ਦੀ ਰਜਿਸਟ੍ਰੇਸ਼ਨ ਕੈਪਿੰਗ ਦੇ ਤਹਿਤ ਪੂਰੀ ਹੋ ਚੁੱਕੀ ਹੈ। ਇਸ ਲਈ ਇਲੈਕਟ੍ਰਿਕ ਨੀਤੀ ਨੂੰ ਲਾਗੂ ਕਰਨ ਲਈ ਗੈਰ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ ਤੁਰੰਤ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਪੈਟਰੋਲ ‘ਤੇ ਚੱਲਣ ਵਾਲੇ ਦੋ ਪਹੀਆ ਵਾਹਨਾਂ ਲਈ ਰਜਿਸਟ੍ਰੇਸ਼ਨ 1 ਅਪ੍ਰੈਲ, 2023 ਤੋਂ ਫਿਰ ਸ਼ੁਰੂ ਹੋ ਜਾਵੇਗੀ ਅਤੇ ਚਾਲੂ ਵਿੱਤੀ ਸਾਲ 2023-24 ਲਈ ਤੈਅ ਸੀਮਾਂ ਦੇ ਮੁਤਾਬਕ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਪਹਿਲੇ ਸਾਲ ਲਈ ਰਜਿਸਟ੍ਰੇਸ਼ਨ ‘ਚ ਚੌਪਹੀਆ ਵਾਹਨਾਂ ‘ਚ 10 ਫ਼ੀਸਦੀ ਅਤੇ ਦੋਪਹੀਆ ਵਾਹਨਾਂ ‘ਚ 35 ਫ਼ੀਸਦੀ ਦੀ ਕਮੀ ਲਿਆਉਣ ਦਾ ਟੀਚਾ ਸੀ।
ਪਾਲਿਸੀ ਦੇ ਤਹਿਤ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਸਾਰੇ ਵਾਹਨਾਂ ਨੂੰ ਵੀ ਇਲੈਕਟ੍ਰਿਕ ਵਾਹਨਾਂ ‘ਚ ਬਦਲਿਆ ਜਾਵੇਗਾ। ਇਸ ਤੋਂ ਇਲਾਵਾ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ‘ਚ ਵੀ ਸਾਰੀਆਂ ਇਲੈਕਟ੍ਰਿਕ ਬੱਸਾਂ ਹੀ ਖ਼ਰੀਦੀਆਂ ਜਾਣਗੀਆਂ।