Breaking- ਜਿਲਾ ਫ਼ਰੀਦਕੋਟ ਦੇ ਸਰਕਾਰੀ ਹਾਈ ਸਕੂਲ ਡੋਡ ਦੇ ਵਿਦਿਆਰਥੀਆਂ ਨੇ ਵੇਖੀ ਵਿਧਾਨ ਸਭਾ
ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਬੱਚਿਆਂ ਦਾ ਵਿਧਾਨ ਸਭਾ ‘ਚ ਸਵਾਗਤ
ਫਰੀਦਕੋਟ, 24 ਫਰਵਰੀ – (ਪੰਜਾਬ ਡਾਇਰੀ) ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਵਿਦਿਆਰਥੀਆਂ ਲਈ ਵਿਧਾਨ ਸਭਾ ਵਿੱਚ ਨੇੜ ਭਵਿੱਖ ਵਿੱਚ ਮਸਨੂਈ ਸੈਸ਼ਨ ਕਰਵਾਇਆ ਜਾਵੇਗਾ ਤਾਂ ਜੋ ਨੌਜਵਾਨੀ ਵਿੱਚ ਸਿਆਸਤ ਪ੍ਰਤੀ ਉਦਾਸੀਨਤਾ ਨੂੰ ਦੂਰ ਕੀਤਾ ਜਾ ਸਕੇ।
ਸਰਕਾਰੀ ਹਾਈ ਸਕੂਲ ਡੋਡ, ਜ਼ਿਲ੍ਹਾ ਫ਼ਰੀਦਕੋਟ ਤੋਂ ਪੰਜਾਬ ਵਿਧਾਨ ਸਭਾ ਵੇਖਣ ਪੁੱਜੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਸ. ਸੰਧਵਾਂ ਨੇ ਕਿਹਾ ਕਿ ਬੱਚਿਆਂ ਨੂੰ ਸਿਆਸਤ ਦੀ ਸਿੱਖਿਆ ਦੇਣੀ ਜ਼ਰੂਰੀ ਹੈ ਕਿਉਂ ਜੋ ਉਨ੍ਹਾਂ ਨੇ ਹੀ ਭਵਿੱਖ ਦੇ ਨੇਤਾ ਬਣਨਾ ਹੈ। ਉਨ੍ਹਾਂ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਵਿੱਚ ਸਿਆਸਤ ਪ੍ਰਤੀ ਉਦਾਸੀਨਤਾ ਪਾਈ ਜਾ ਰਹੀ ਹੈ ਜਿਸ ਨੂੰ ਦੂਰ ਕਰਨਾ ਸਾਡਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਰਾਜਨੀਤੀ ਵੱਲ ਪ੍ਰੇਰਿਤ ਕਰਨ ਅਤੇ ਉਨ੍ਹਾਂ ਦੀ ਸਿਆਸਤ ਵਿੱਚ ਰੁਚੀ ਪੈਦਾ ਕਰਨ ਦੇ ਮਨਸ਼ੇ ਨਾਲ ਆਉਣ ਵਾਲੇ ਦਿਨਾਂ ਵਿੱਚ ਵਿਧਾਨ ਸਭਾ ਵਿੱਚ ਮੌਕ ਸੈਸ਼ਨ ਕਰਵਾਇਆ ਜਾਵੇਗਾ।
ਪੰਜਾਬ ਵਿਧਾਨ ਸਭਾ ਸਪੀਕਰ ਨੇ ਸਕੂਲ ਦੇ 6ਵੀਂ ਤੋਂ ਲੈ ਕੇ 9ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਸਕੂਲ ਵਿੱਚ ਜਾ ਕੇ ਵਿਧਾਨ ਸਭਾ ਯਾਤਰਾ ਦੌਰਾਨ ਅਨੁਭਵ ਕੀਤੀਆਂ ਗੱਲਾਂ ਬਾਰੇ ਲੇਖ ਲਿਖਣ ਅਤੇ ਹਰ ਜਮਾਤ ਵਿੱਚੋਂ ਵਧੀਆ ਲੇਖ ਲਿਖਣ ਵਾਲੇ ਪਹਿਲੇ ਤਿੰਨ ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ ਅਤੇ ਪਹਿਲੇ ਸਥਾਨ ‘ਤੇ ਆਉਣ ਵਾਲੇ ਵਿਦਿਆਰਥੀ ਨੂੰ 3100, ਦੂਜੇ ਸਥਾਨ ਲਈ 2100 ਅਤੇ ਤੀਜੇ ਸਥਾਨ ‘ਤੇ ਆਉਣ ਵਾਲੇ ਵਿਦਿਆਰਥੀ ਨੂੰ 1100 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।ਉਨ੍ਹਾਂ ਵਿਦਿਆਰਥੀਆਂ ਨੂੰ ਵਿਧਾਨ ਸਭਾ ਦੀ ਮਹੱਤਤਾ ਅਤੇ ਉਥੇ ਕਾਨੂੰਨਾਂ ਬਣਾਉਣ ਤੇ ਸੋਧ ਕਰਨ ਬਾਰੇ ਕਾਰਵਾਈ ਦੀ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ,ਪੀ ਆਰ ਓ ਟੂ ਸਪੀਕਰ ਮਨਪ੍ਰੀਤ ਸਿੰਘ ਧਾਲੀਵਾਲ, ਮਨਿੰਦਰ ਸਿੰਘ ਬਠਿੰਡਾ, ਸਿਮਰਨ ਸਿੰਘ ਤੋਂ ਇਲਾਵਾ ਸਕੂਲ ਸਟਾਫ਼ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।