ਵੱਡੀ ਖ਼ਬਰ – ਕਿਰਤੀ ਕਿਸਾਨ ਯੂਨੀਅਨ 11 ਅਪ੍ਰੈਲ ਨੂੰ ਫਰੀਦਕੋਟ ਨਹਿਰਾਂ ਪੱਕੀਆਂ ਕਰਨ ਖਿਲਾਫ ਕੀਤੇ ਜਾ ਰਹੇ ਮੁਜਾਹਰੇ ਵਿੱਚ ਭਰਵੀ ਸ਼ਮੂਲੀਅਤ ਕਰੇਗੀ
ਫਰੀਦਕੋਟ, 8 ਅਪ੍ਰੈਲ – (ਪੰਜਾਬ ਡਾਇਰੀ) ਮੁਜਾਹਰੇ ਦੀਆਂ ਤਿਆਰੀਆਂ ਸਬੰਧੀ ਅੱਜ ਮਾਨੀ ਸਿੰਘ ਵਾਲਾ, ਬੀਹਲੇਵਾਲਾ, ਕਿੰਗਰਾ, ਘੁੱਦੂਵਾਲਾ, ਡੋਡ, ਸੰਗਰਾਹੂਰ ਵਿੱਚ ਕਿਸਾਨਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜਿਲਾ ਮੀਤ ਪ੍ਰਧਾਨ ਰਜਿੰਦਰ ਸਿੰਘ ਕਿੰਗਰਾ ਤੇ ਜਿਲਾ ਆਗੂ ਬਲਵਿੰਦਰ ਸਿੰਘ ਰੂਪੇਵਾਲੀਆ, ਨਿਸ਼ਾਨ ਭੁੱਲਰ, ਗੁਰਮੀਤ ਸੰਗਰਾਹੁਰ ਨੇ ਕਿਹਾ ਕੇ ਪੰਜਾਬ ਦੇ ਹਜਾਰਾਂ ਪਿੰਡ ਨਹਿਰਾਂ ਦਾ ਪਾਣੀ ਧਰਤੀ ਹੇਠ ਸਿੰਮਣ ਕਰਕੇ ਬਿਹਤਰ ਗੁਣਵੱਤਾ ਵਾਲਾ ਪਾਣੀ ਲੈਣ ਦੇ ਕਾਬਲ ਨੇ। ਜੇਕਰ ਕੰਕਰੀਟ ਨਾਲ ਨਹਿਰਾਂ ਪੱਕੀਆਂ ਹੁੰਦੀਆਂ ਨੇ ਤਾਂ ਲੋਕ ਚੰਗੇ ਪਾਣੀ ਤੋ ਵਾਂਝੇ ਹੋ ਜਾਣਗੇ। ਆਗੂਆਂ ਕਿਹਾ ਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕੋਲ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕਈ ਮਹੀਨੇ ਪਹਿਲਾਂ ਮੰਨ ਚੁੱਕੇ ਨੇ ਕੇ ਨਹਿਰਾਂ ਪੱਕੀਆਂ ਕਰਨ ਦਾ ਪ੍ਰਾਜੈਕਟ ਰੱਦ ਕਰਾਂਗੇ ਪਰ ਸਰਕਾਰ ਪਹਿਲਾਂ ਵਾਲੇ ਫੈਸਲੇ ਤੇ ਖੜੀ ਹੈ।
ਆਗੂਆਂ ਕਿਹਾ ਕੇ ਜਦੋਂ ਪੰਜਾਬ ਦਾ ਭੂਮੀਗਤ ਪਾਣੀ ਪੀਣ ਲਾਇਕ ਨਹੀਂ ਹੈ। ਵਾਟਰ ਵਰਕਸ ਵੀ ਪੀਣ ਲਾਇਕ ਪਾਣੀ ਦੀ ਪੂਰਤੀ ਕਰਨ ਤੋਂ ਅਸਮਰਥ ਹਨ ਫ਼ੇਰ ਇਹ ਫ਼ੈਸਲਾ ਕਿਉਂ ਲਿਆ ਜਾ ਰਿਹਾ ਹੈ। ਕਿਓਕਿ ਪੰਜਾਬ ਦੇ ਬਹੁਤ ਪਿੰਡ ਨਹਿਰ ਕੰਢੇ ਲੱਗੇ ਨਲਕਿਆਂ ਤੇ ਟਿਓੂਬਵੈਲਾ ਤੋ ਪਾਣੀ ਲੈਂਦੇ ਨੇ। ਇਹ ਪਾਣੀ ਪੀਣਯੋਗ ਕੁਦਰਤੀ ਰੀਚਾਰਜ ਕਰਕੇ ਹੈ। ਜੋ ਨਹਿਰਾਂ ਦੇ ਕੰਕਰੀਟ ਤੇ ਪਲਾਸਟਿਕ ਦੀ ਸ਼ੀਟ ਪਾ ਕੇ ਪੱਕੀਆਂ ਕਰਨ ਨਾਲ ਨਹੀ ਰਹੇਗਾ ਤੇ ਨਹਿਰਾਂ ਦੇ ਆਲੇ ਦੁਆਲੇ ਖੇਤਾਂ ਦੇ ਟਿਓੂਬਵੈਲਾਂ ਦੇ ਪਾਣੀ ਵੀ ਡੂੰਘੇ ਤੇ ਗੁਣਵੱਤਾ ਪੱਖੋ ਮਾੜੇ ਹੋ ਜਾਣਗੇ।ਓੁਹਨਾਂ ਕਿਹਾ ਕੇ ਇੱਕ ਪਾਸੇ ਮਾਨ ਸਰਕਾਰ ਪੰਜਾਬ ਦੇ ਪਾਣੀਆਂ ਦੀ ਗਲ ਕਰ ਰਹੀ ਹੈ ਦੂਜੇ ਪਾਸੇ ਪੰਜਾਬੀਆਂ ਦੇ ਵਿਰੋਧ ਨੂੰ ਨਜਰਅੰਦਾਜ ਕਰਕੇ ਰਾਜਸਥਾਨ ਸਰਕਾਰ ਦੇ ਹੁਕਮਾਂ ਦਾ ਪਾਲਣ ਕਰ ਰਹੀ ਹੈ। ਜਦੋਂ ਅੱਜ ਤੱਕ ਪੰਜਾਬ ਨੂੰ ਦੂਜੇ ਰਾਜਾਂ ਵਿੱਚ ਜਾਂਦੇ ਪਾਣੀ ਦਾ ਮਾਲੀਆ ਨਹੀਂ ਮਿਲਿਆ ਨਾ ਅੱਗੇ ਮਿਲਣ ਦੇ ਕੋਈ ਸੰਭਾਵਨਾ ਹੈ ਫ਼ੇਰ ਪੰਜਾਬ ਤੇ ਪੰਜਾਬ ਦੇ ਲੋਕ ਹੀ ਬਲੀ ਦਾ ਬੱਕਰਾ ਕਿਉਂ ਬਣਨ। ਸਰਕਾਰ ਨੂੰ ਆਪਣੇ ਲੋਕਾਂ ਦੇ ਨਾਲ ਖੜ੍ਹਨਾ ਚਾਹੀਦਾ ਹੈ।
ਆਗੂਆਂ ਕਿਹਾ ਪੰਜਾਬ ਚ ਪੀਣਯੋਗ ਪਾਣੀ ਤੇ ਸਿੰਚਾਈ ਲਈ ਘੱਟ ਨਹਿਰੀ ਪਾਣੀ ਕਰਕੇ ਤੇ ਧਰਤੀ ਹੇਠਲਾ ਪਾਣੀ ਬੇਹੱਦ ਘਟਣ ਕਰਕੇ ਪਾਣੀ ਬਹੁਤ ਗੰਭੀਰ ਸੰਕਟ ਹੈ।ਮਾਨ ਸਰਕਾਰ ਨੂੰ ਪਹਿਲੀਆਂ ਸਰਕਾਰਾਂ ਵਾਂਗ ਪੰਜਾਬ ਦੇ ਪਾਣੀਆਂ ਦੀ ਲੁੱਟ ਨਹੀ ਕਰਵਾਓੁਣੀ ਚਾਹੀਦੀ ਬਲਕਿ ਮੌਜੂਦਾ ਸੰਕਟ ਦੇ ਸੰਦਰਭ ਚ ਪੰਜਾਬ ਪੱਖੀ ਫੈਸਲਾ ਲੈਣਾ ਚਾਹੀਦਾ ਹੈ। ਜੇਕਰ ਨਹਿਰਾਂ ਕੰਕਰੀਟ ਨਾਲ ਪੱਕੀਆਂ ਕਰਨ ਦਾ ਇਹ ਫ਼ੈਸਲਾ ਵੀ ਇੰਨ ਬਿੰਨ ਲਾਗੂ ਹੋ ਜਾਂਦਾ ਹੈ ਤਾਂ ਪੰਜਾਬ ਪੀਣ ਲਾਇਕ ਤੇ ਸਿੰਚਾਈ ਲਾਇਕ ਪਾਣੀ ਦੇ ਅਣਕਿਆਸੇ ਸੰਕਟ ਵਿੱਚ ਘਿਰ ਜਾਵੇਗਾ। ਓੁਹਨਾਂ ਕਿਹਾ ਕੀ ਸਰਕਾਰ ਲੋਕਾਂ ਨੂੰ ਦੱਸੇਗੀ ਜਿੱਥੇ ਨਹਿਰਾਂ ਪੱਕੀਆਂ ਹੋਈਆਂ ਹਨ ਓਥੇ ਕਈ ਕਈ ਸਾਲ ਪੁਰਾਣੇ ਬਾਗ਼ ਵੀ ਸੁੱਕ ਕਿਓ ਗਏ ਹਨ? ਪੀਣ ਲਾਇਕ ਪਾਣੀ ਨਹੀਂ ਰਿਹਾ। ਜ਼ਰਖ਼ੇਜ਼ ਜ਼ਮੀਨਾਂ ਬੰਜਰ ਹੋ ਗਈਆਂ। ਜਦੋਂ ਜਦੋਂ ਕੁਦਰਤ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਹੈ ਓਦੋਂ ਓਦੋਂ ਇਨਸਾਨੀਅਤ ਨੂੰ ਗੰਭੀਰ ਸਿੱਟੇ ਮਿਲੇ ਹਨ। ਪੰਜਾਬ ਸਰਕਾਰ ਨੂੰ ਇਹ ਪ੍ਰਾਜੈਕਟ ਫੌਰੀ ਵਾਪਿਸ ਲੈਣਾ ਚਾਹੀਦਾ ਨਹੀ ਤਾਂ ਤਿੱਖੇ ਸੰਘਰਸ਼ ਦੇ ਸਾਹਮਣੇ ਲਈ ਸਰਕਾਰ ਤਿਆਰ ਰਹੇ ।
ਜਾਰੀ ਕਰਤਾ:-
ਰਜਿੰਦਰ ਸਿੰਘ ਦੀਪ ਸਿੰਘ ਵਾਲਾ