ਅਹਿਮ ਖ਼ਬਰ – ਉਤੱਰ ਪ੍ਰਦੇਸ਼ ਪੁਲਿਸ ਦੀ ਹਿਰਾਸਤ ’ਚ ਹੱਥਕੜੀਆਂ ਲੱਗੇ ਦੋ ਮੂਸਲਮਾਨਾਂ ਦਾ ਕਤਲ ਹਿੰਦੂਤਵੀ ਸਿਆਸਤ ਦਾ ਨਮੂਨਾ – ਕੇਂਦਰੀ ਸਿੰਘ ਸਭਾ
ਚੰਡੀਗੜ੍ਹ, 17 ਅਪ੍ਰੈਲ – (ਪੰਜਾਬ ਡਾਇਰੀ) ਸ਼ਨਿਚਰਵਾਰ ਦੀ ਰਾਤ(16ਅਪ੍ਰੈਲ) ਨੂੰ ਸਾਬਕਾ ਐਮ ਪੀ ਅਤੇ ਪੁਲਿਸ ਵਲੋਂ ਐਲਾਨਿਆ ਗੈਂਗਸਟਰ (ਬਦਮਾਸ਼) ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਅਹਿਮਦ ਦਾ ਇਲਾਹਾਬਾਦ ਵਿਚ ਪੁਲਿਸ ਹਿਸਾਰਸਤ ਅਤੇ ਹੱਥਕੜੀਆਂ ਵਿਚ ਜਕੜਿਆਂ ਨੂੰ ਤਿੰਨ ਸਿਵਲ ਵਿਅਕਤੀਆਂ ਨੇ ਨੇੜੇ ਤੋਂ ਗੋਲੀਆਂ ਮਾਰ ਕੇ ਕਤਲ ਕਰ ਕਰ ਦੇਣਾ ਅਤੇ ਉਸ ਤੋਂ ਇਕ ਦਿਨ ਪਹਿਲਾਂ ਅਤੀਕ ਦਾ 19ਸਾਲਾ ਪੁੱਤਰ ਅਸਦ ਅਹਿਮਦ ਅਤੇ ਉਸ ਦੇ ਦੋਸਤ ਗੁਲਾਮ ਹੁਸੈਨ ਨੂੰ ਅਖੌਤੀ ਪੁਲਿਸ ਮੁੱਠਭੇੜ ਵਿਚ ਕਤਲ ਕਰ ਦੇਣਾ ਉੱਤਰ ਪ੍ਰਦੇਸ਼ ਦੀ ਸਿਆਸਤ ਦਾ ਘਿਨਾਉਣਾ ਪ੍ਰਗਟਾਵਾ ਹੈ।
ਸੂਬੇ ਵਿਚ ‘‘ਸੁਰਖਿਆ ਅਤੇ ਕਾਨੂੰਨ ਅਵਸਥਾ’’ ਕਾਇਮ ਕਰਨ ਦੇ ਨਾਮ ਉੱਤੇ ਪੁਲਿਸ ਮੁਕਾਬਲਿਆਂ ਦਾ ਅਮਲ ਸ਼ੁਰੂ ਕਰਨਾ, ਸਹੀ ਠਹਿਰਾਉਣਾ ਦੇ ਹਿੰਦੂਤਵੀ ਸਿਆਸੀ ਬ੍ਰਿਤਾਂਤ ਦੀ ਸਿੰਘ ਸਭਾ ਨਾਲ ਜੁੜ੍ਹੇ ਸਿੱਖ ਵਿਦਵਾਨਾਂ/ਚਿੰਤਕਾਂ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਕਮਰਾਨ ਭਾਜਪਾ ਪਾਰਟੀ ਦੀ ਸਮਾਜ ਨੂੰ ਫਿਰਕਾਪ੍ਰਸਤੀ ਲੀਹਾਂ ਉੱਤੇ ਵੰਡ ਕੇ ਬਹੁਗਿਣਤੀ ਵਿਚੋਂ ‘‘ਵੋਟ ਬੈਂਕ’’ ਤਿਆਰ ਕਰਨ ਦੀ ਕੋਝੀ ਨੀਤੀ ਦੇਸ਼ ਨੂੰ ਬਦ ਅਮਨੀ ਦੇ ਖਾਰੇ ਪਾਣੀ ਵਿਚ ਸੁੱਟ ਰਹੀ ਦੇਵੇਗੀ।
ਅਤੀਕ ਅਹਿਮਦ ਹੁਰਾਂ ਦਾ ਕਤਲ ਉੱਤਰ ਪ੍ਰਦੇਸ਼ ਵਿਚ 184ਵਾਂ ‘‘ਪੁਲਿਸ ਮੁਕਾਬਲਾ’’ ਹੈ। ਅਤੀਕ ਅਹਿਮਦ ਨੂੰ ਜਾਣ-ਬੁੱਝ ਕੇ ਰਾਤ ਦੇ 10 ਵਜੇ ਹਸਪਤਾਲ ਵਿਚ ਆਮ ਚੈਕ-ਅਪ ਲਈ ਲੈ ਕੇ ਜਾਇਆ ਗਿਆ। ਹਸਪਤਾਲ ਦੇ ਗੇਟ ਤੱਕ ਉਨ੍ਹਾਂ ਨੂੰ ਪੈਦਲ ਤੋਰਿਆ ਗਿਆ, ਟੈਲੀਵਿਜ਼ਨ ਪੱਤਰਕਾਰ ਮੌਕੇ ਉੱਤੇ ਪਹੁੰਚੇ ਅਤੇ ਉਨ੍ਹਾਂ ਨੂੰ ਕਾਤਲ ਅਰੁਣ ਮੌਰਿਆ, ਸੋਨੀ ਅਤੇ ਲਵਲੇਸ਼ ਤਿਵਾੜੀ ਨੇ ਨਾਟਕਮਈ ਤਰੀਕੇ ਨਾਲ ਆਪਣੇ ਆਪ ਨੂੰ ਪੁਲਿਸ ਹਵਾਲੇ ਕਰ ਦਿੱਤਾ। ਲਵਲੇਸ਼ ਤਿਵਾੜੀ ਦਾ ਜ਼ੁਰਮ ਵਾਲਾ ਪਿਛੋਕੜ ਹੈ ਅਤੇ ਉਹ ਹਿੰਦੂ ਬਜਰੰਗ ਦਲ ਨਾਲ ਜੁੜਿਆ ਹੋਇਆ ਹੈ।
ਇਸ ਤਰ੍ਹਾਂ ਦੇ ਕਤਲ, ਸਵਿੰਧਾਨ ਅਤੇ ਨਿਆਂਪਾਲਕਾ ਦਾ ਮਜ਼ਾਕ ਉਡਾਉਂਦੇ ਹਨ ਅਤੇ ਅਰਾਜ਼ਕਤਾ/ਅਫ਼ਰਾ ਤਫਰੀ ਦਾ ਮਹੌਲ ਪੈਦਾ ਕਰਦੇ ਹਨ।
ਪਹਿਲਾਂ ਹੀ ਯੋਗੀ ਅਦਿਤਿਆਨਾਥ ਦੀ ਸਰਕਾਰ ਨੇ ‘‘ਦੋਸ਼ੀਆਂ’’ ਦੇ ਘਰਾਂ ਨੂੰ ਬੁਲਡੋਜ਼ਰਾਂ ਰਾਂਹੀ ਢਾਹ ਦੇਣ ਅਤੇ ਸੂਬੇ ਵਿਚ ਸ਼ਾਂਤੀ ਬਣਾਉਣ ਦੇ ਨਾਮ ਉੱਤੇ ਪੁਲਿਸ ਨੂੰ ਅਖੌਤੀ ਮੁਕਾਬਲੇ ਖੜ੍ਹੇ ਕਰਨ ਦੀ ਖੁੱਲ੍ਹ ਦੇ ਰੱਖੀ ਹੈ। ਅਜਿਹੀ ਪ੍ਰਕ੍ਰਿਆ ਵਿਚ ਘੱਟ ਗਿਣਤੀ ਮੁਸਲਮਾਲ ਫਿਰਕੇ ਦੇ ਲੋਕ ਹੀ ਜ਼ਿਆਦਾ ਸ਼ਿਕਾਰ ਹੋ ਰਹੇ ਹਨ। ਅਤੇ ਲੋਕਾਂ ਨੇ ਮੁੱਖ ਮੰਤਰੀ ਯੋਗੀ ਨੂੰ ‘‘ਬੁਲਡੋਜ਼ਰ ਬਾਬਾ’’ ਕਹਿਣਾ ਸ਼ੁਰੂ ਕਰ ਦਿੱਤਾ ਹੈ।
ਘੱਟ ਗਿਣਤੀਆਂ ਨਾਲ ਦੂਜੇ ਦਰਜ਼ੇ ਦੇ ਸ਼ਹਿਰੀਆਂ ਵਾਲਾ ਸਲੂਕ ਕਰਨਾ ਅਤੇ ਸਮਾਜ ਵਿਚ ਵੰਡੀਆਂ ਪਾਉਣ ਵਾਲੇ ਕਾਰਨਾਮੇ ਜਮਹੂਰੀਅਤ ਨਿਜ਼ਾਮ ਨੂੰ ਕਤਲ ਕਰਨ ਦੇ ਤੁਲ ਹਨ।, ਇਸ ਕਰਕੇ ਘੱਟ ਗਿਣਤੀ/ਸਿੱਖ ਭਾਈਚਾਰਾ ਅਤੇ ਸੰਸਥਾਵਾਂ ਨੂੰ ਅਜਿਹੀਆਂ ਕਾਰਵਾਈਆਂ ਦੀ ਖੁੱਲ੍ਹ ਕੇ ਨਿੰਦਾ ਕਰਨੀ ਚਾਹੀਦੀ ਹੈ।
ਸਿੱਖ ਵਿਦਵਾਨਾਂ ਅਤੇ ਚਿੰਤਕਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਅਜਿਹੀ ਘੱਟ ਗਿਣਤੀਆਂ ਵਿਰੁੱਧ ਧੱਕੇ ਅਤੇ ਦੋਸ਼ ਦੀ ਕਾਰਵਾਈ ਵਿਰੁੱਧ ਜਰੂਰ ਬੋਲਣ।ਉਤੱਰ ਪ੍ਰਦੇਸ਼ ਪੁਲਿਸ ਦੀ ਹਿਰਾਸਤ ’ਚ ਹੱਥਕੜੀਆਂ ਲੱਗੇ ਦੋ ਮੂਸਲਮਾਨਾਂ ਦਾ ਕਤਲ ਹਿੰਦੂਤਵੀ ਸਿਆਸਤ ਦਾ ਨਮੂਨਾ : ਕੇਂਦਰੀ ਸਿੰਘ ਸਭਾ
ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਭਾਈ ਅਸ਼ੌਕ ਸਿੰਘ ਬਾਗੜੀਆ, ਜਸਪਾਲ ਸਿੰਘ ਸਿੱਧੂ ਪੱਤਰਕਾਰ, ਗੁਰਪ੍ਰੀਤ ਸਿੰਘ, ਰਾਜਵਿੰਦਰ ਸਿੰਘ ਰਾਹੀਂ, ਸੁਰਿੰਦਰ ਸਿੰਘ ਕਿਸ਼ਨਪੁਰਾ, ਡਾ. ਪਿਆਰੇ ਲਾਲ ਗਰਗ ਅਤੇ ਪ੍ਰੋਫੈਸਰ ਮਨਜੀਤ ਸਿੰਘ ਸ਼ਾਮਲ ਸਨ।
ਜਾਰੀ ਕਰਤਾ:- ਖੁਸ਼ਹਾਲ ਸਿੰਘ ਜਨਰਲ ਸਕੱਤਰ ਕੇਂਦਰੀ ਸਿੰਘ ਸਭਾ, 9316107093