ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਆਯੋਜਿਤ
ਫਰੀਦਕੋਟ 25 ਅਪ੍ਰੈਲ (ਪੰਜਾਬ ਡਾਇਰੀ)- ਬਾਬਾ ਫ਼ਰੀਦ ਜੀ ਦੀ ਰਹਿਮਤ ਅਤੇ ਚੇਅਰਮੈਨ ਸ. ਇੰਦਰਜੀਤ ਸਿੰਘ ਖ਼ਾਲਸਾ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਪ੍ਰਸਿੱਧ ਵਿੱਦਿਅਕ ਅਦਾਰੇ ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.), ਫ਼ਰੀਦਕੋਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਸੰਬੰਧੀ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਸੰਸਥਾ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਦੀ ਅਗਵਾਈ ਹੇਠ ਸਵੇਰ ਦੀ ਸਭਾ ਵਿੱਚ ਆਯੋਜਿਤ ਕੀਤੇ ਗਏ ਇਸ ਸੈਮੀਨਾਰ ਵਿੱਚ ਬਾਰਵੀਂ ਜਮਾਤ ਦੇ ਵੱਖ-ਵੱਖ ਵਿਦਿਆਰਥੀਆਂ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਇੰਨ੍ਹਾਂ ਤੋਂ ਬਚਣ ਦੇ ਢੰਗ , ਆਪਣੇ ਪਰਿਵਾਰ ਅਤੇ ਸਮਾਜ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕਰਨ ਸੰਬੰਧੀ ਭਾਸ਼ਣ , ਕਵਿਤਾਵਾਂ , ਗੀਤ ਆਦਿ ਪੇਸ਼ ਕੀਤੇ । ਇਸ ਮੌਕੇ ਵਿਦਿਆਰਥੀਆਂ ਨੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਇੰਨ੍ਹਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਦਰਸਾਉਂਦੇ ਵੱਖ-ਵੱਖ ਚਾਰਟ ਅਤੇ ਸਲੋਗਨ ਬਹੁਤ ਹੀ ਖ਼ੂਬਸੂਰਤ ਭਾਵਾਂ ਅਤੇ ਸ਼ਿੱਦਤ ਨਾਲ ਬਣਾਏ । ਪੰਜਾਬੀ ਅਧਿਆਪਕ ਸ੍ਰੀ ਕੁਲਵਿੰਦਰ ਵਿਰਕ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਵਰਗੀ ਅਲਾਮਤ ਨੂੰ ਜੜ੍ਹਾਂ ਤੋਂ ਹੀ ਖਤਮ ਕਰਨ ਲਈ ਜਾਗਰੂਕ ਹੋਣ, ਪ੍ਰਸ਼ਾਸਨ ਅਤੇ ਸਰਕਾਰ ਦਾ ਹਰ ਸੰਭਵ ਸਹਿਯੋਗ ਕਰਨ ਲਈ ਪ੍ਰੇਰਿਆ । ਵਿਦਿਆਰਥੀਆਂ ਨੇ ਇਸ ਮੌਕੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਸ਼ੇ ਨਾ ਕਰਨ ਅਤੇ ਇੰਨ੍ਹਾਂ ਦੇ ਨੁਕਸਾਨ ਪ੍ਰਤੀ ਜਾਗਰੂਕ ਰਹਿਣ ਲਈ ਸਮੂਹਿਕ ਰੂਪ ਵਿੱਚ ਪ੍ਰਣ ਵੀ ਕੀਤਾ । ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਬੋਲਦਿਆਂ ਕਿਹਾ ਕਿ ਅੱਜ ਪੰਜਾਬ ਦੇ ਹਰ ਪਿੰਡ, ਹਰ ਸ਼ਹਿਰ ਵਿੱਚ ਨਸ਼ਿਆਂ ਦੇ ਪ੍ਰਕੋਪ ਕਾਰਨ ਅਣਗਿਣਤ ਬੇਸ਼ਕੀਮਤੀ ਜਾਨਾਂ ਜਾ ਰਹੀਆਂ ਹਨ । ਜੇਕਰ ਸਕੂਲਾਂ/ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਕਦੇ ਵੀ ਨਸ਼ਿਆਂ ਦੇ ਨੇੜੇ ਨਾ ਜਾਣ ਦਾ ਪ੍ਰਣ ਕਰ ਲੈਣ ਤਾਂ ਇਸ ਬੁਰਾਈ ਤੋਂ ਪੰਜਾਬ ਵਿੱਚੋਂ ਖਤਮ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਪਬਲਿਕ ਸਕੂਲ ਵਿੱਚ ਬੱਡੀਜ਼ ਗਰੁੱਪ ਬਣਾ ਕੇ ਸਮੇਂ-ਸਮੇਂ ‘ਤੇ ਇਸ ਤਰਾਂ ਦੇ ਸੈਮੀਨਾਰ ਕਰਵਾਏ ਜਾਂਦੇ ਰਹਿਣਗੇ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਸਹੀ ਮਾਰਗ ਅਤੇ ਦਸ਼ਾ ਦੇ ਕੇ ਦੇਸ਼ ਦਾ ਭਵਿੱਖ ਹੋਰ ਵਧੇਰੇ ਬਿਹਤਰ ਬਣਾਇਆ ਜਾ ਸਕੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਗਿਆਰਵੀਂ ਅਤੇ ਬਾਰਵੀਂ ਜਮਾਤਾਂ ਦੇ ਵਿਦਿਆਰਥੀ , ਅਧਿਆਪਕ ਅਤੇ ਕੋਆਰਡੀਨੇਟਰ ਸ੍ਰੀਮਤੀ ਨੀਰਜ ਸੇਠੀ ਵੀ ਹਾਜ਼ਰ ਸਨ।ਇਸ ਮੌਕੇ ਸੰਸਥਾ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਖਾਲਸਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਸਿਰਫ ਆਪਣੀ ਮਿਹਨਤ, ਲਗਨ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਹੀ ਨਸ਼ਾ ਹੋਣਾ ਚਾਹੀਦਾ ਹੈ | ਇਸ ਨਾਲ ਸਾਡੀ ਪਰਿਵਾਰਿਕ ਅਤੇ ਸਮਾਜਿਕ ਜ਼ਿੰਦਗੀ ਰੌਸ਼ਨ ਹੋ ਜਾਂਦੀ ਹੈ | ਇਸ ਮੌਕੇ ਉਨ੍ਹਾਂ ਨੇ ਭਾਸ਼ਣ, ਕਵਿਤਾਵਾਂ, ਗੀਤ ਅਤੇ ਪੋਸਟਰ ਬਣਾਉਣ ਵਾਲੇ ਵੱਖ-ਵੱਖ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਆਪਣਾ ਆਸ਼ੀਰਵਾਦ ਦਿੱਤਾ |