“ਦੇਸ਼ ਵਿੱਚ ਧਰਮ ਦੇ ਨਾਂ ਤੇ ਵੰਡੀਆਂ ਪਾਉਣ ਵਾਲੀ ਭਾਜਪਾ ਨੂੰ ਚੱਲਦਾ ਕਰੋ”, ਸੀਪੀਆਈ ਦੀ ਜਨ ਸੰਪਰਕ ਮੁਹਿੰਮ ਦਾ ਨਾਹਰਾ
ਫਰੀਦਕੋਟ, 26 ਅਪ੍ਰੈਲ (ਪੰਜਾਬ ਡਾਇਰੀ) – “ਪਿਛਲੇ 9 ਸਾਲ ਤੋਂ ਕੇਂਦਰ ਅਤੇ ਜਿਆਦਾਤਰ ਰਾਜਾਂ ਵਿੱਚ ਹਕੂਮਤ ਕਰ ਰਹੀ ਭਾਜਪਾ ਨੇ ਆਮ ਲੋਕਾਂ ਦੀ ਅਸਲ ਜ਼ਿੰਦਗੀ ਨਾਲ ਜੁੜੀਆਂ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਮਹਿੰਗਾਈ, ਗ਼ਰੀਬੀ ਅਤੇ ਬੇਰੁਜ਼ਗਾਰੀ ਵਿੱਚ ਹੋਰ ਵਾਧਾ ਕਰਕੇ ਦੇਸ਼ ਦੇ ਬਹੁਗਿਣਤੀ ਲੋਕਾਂ ਦਾ ਜਿਊਣਾ ਦੁੱਭਰ ਕਰ ਛੱਡਿਆ ਹੈ।” ਇਹ ਸ਼ਬਦ ਭਾਰਤੀ ਕਮਿਊਨਿਸਟ ਪਾਰਟੀ ਜਿਲਾ ਫਰੀਦਕੋਟ ਦੇ ਸਕੱਤਰ ਮਾਸਟਰ ਅਸ਼ੋਕ ਕੌਸ਼ਲ ਨੇ ਪਾਰਟੀ ਦੀ ਦੇਸ਼ ਵਿਆਪੀ ਜਨ ਸੰਪਰਕ ਮੁਹਿੰਮ ਤਹਿਤ ਹਿਠਾੜ ਦੇ ਵਖ-ਵਖ ਪਿੰਡਾਂ ਵਿੱਚ ਆਮ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਹੇ। ਪਿੰਡ ਮਚਾਕੀ ਕਲਾਂ, ਮਹਿਮੂਆਣਾ, ਸਾਦਿਕ, ਜੰਡ ਸਾਹਿਬ, ਦੀਪ ਸਿੰਘ ਵਾਲਾ, ਕਾਉਣੀ, ਜਨੇਰੀਆਂ, ਘੁਗਿਆਣਾ ਅਤੇ ਅਰਾਈਆਂਵਾਲਾ ਕਲਾਂ ਵਿੱਚ ਮੰਡੀਆਂ ਅਤੇ ਚੌਕਾਂ ਵਿਚ ਨੁਕੜ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਹਰਪਾਲ ਸਿੰਘ ਮਚਾਕੀ, ਪ੍ਰਦੀਪ ਸਿੰਘ ਬਰਾੜ, ਸੁਖਦਰਸ਼ਨ ਸ਼ਰਮਾ, ਮੁਖਤਿਆਰ ਭਾਣਾ, ਭਲਵਿੰਦਰ ਸਿੰਘ ਅਤੇ ਬੀਰਾ ਔਲਖ਼ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਦਾ ਸਭ ਤੋਂ ਵੱਡਾ ਗੁਨਾਹ ਇਹ ਹੈ ਕਿ ਉਸਨੇ ਦੇਸ਼ ਵਿੱਚ ਧਰਮ ਦੇ ਨਾਂ ਤੇ ਵੰਡੀਆਂ ਪਾਉਣ ਨਾਲ ਦੇਸ਼ ਦਾ ਮਾਹੌਲ ਖਰਾਬ ਕਰ ਦਿੱਤਾ ਹੈ ਜਿਸ ਲਈ ਭਾਜਪਾ ਨੂੰ ਹਰਾਉਣਾ ਲਾਜ਼ਮੀ ਬਣ ਗਿਆ ਹੈ। ਸੀਪੀਆਈ ਹੋਰ ਖੱਬੀਆਂ ਪਾਰਟੀਆਂ ਨਾਲ ਮਿਲ ਕੇ ਇਸ ਦਿਸ਼ਾ ਵਿੱਚ ਯਤਨ ਕਰ ਰਹੀ ਹੈ। ਨੁਕੜ ਮੀਟਿੰਗਾਂ ਦੌਰਾਨ ਕਮਿਊਨਿਸਟ ਆਗੂਆਂ ਨੇ ਦਿੱਲੀ ਦੇ ਜੰਤਰ ਮੰਤਰ ਵਿਖੇ ਕੁਸ਼ਤੀ ਸੰਘ ਦੇ ਭਾਜਪਾਈ ਪ੍ਰਧਾਨ ਖਿਲਾਫ ਇਨਸਾਫ ਦੀ ਮੰਗ ਕਰ ਰਹੀਆਂ ਮਹਿਲਾ ਪਹਿਲਵਾਨਾਂ ਦਾ ਮਾਮਲਾ ਵੀ ਉਠਾਇਆ ਅਤੇ ਮੋਦੀ ਸਰਕਾਰ ਤੋਂ ਜਵਾਬ ਦੇਣ ਦੀ ਮੰਗ ਕੀਤੀ।